ਸਮਾਜ ਨੂੰ ਜਾਗਰੂਕ ਕਰਨ ਲਈ ਸਿੱਖਿਆ ਦਾ ਦੀਪ ਜਗਾਉਣਾ ਅਤਿ ਜ਼ਰੂਰੀ : ਵਿਜੇ ਚੋਪੜਾeducation

ਸਥਾਨਕ ਸਲੇਮ ਟਾਬਰੀ ਇਲਾਕੇ ‘ਚ ਪੈਂਦੇ ਡਾ. ਕੋਟਨਿਸ ਆਕਿਊਪੰਕਚਰ ਹਸਪਤਾਲ ‘ਚ ਆਯੋਜਿਤ ਇਕ ਵਿਸ਼ੇਸ਼ ਸਨਮਾਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕੇਸਰੀ ਗਰੁੱਪ ਦੇ ਪ੍ਰਧਾਨ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਦਾ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ ਨੇ ਸੀਨੀਅਰ ਡਾ. ਇੰਦਰਜੀਤ ਢੀਂਗਰਾ, ਡਾ. ਮਾਨਵੀ ਢੀਂਗਰਾ ਅਤੇ ਡਾ. ਨੇਹਾ ਢੀਂਗਰਾ ਦੀ ਅਗਵਾਈ ‘ਚ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਡਾ. ਢੀਂਗਰਾ ਨੇ ਕਿਹਾ ਕਿ ਅੱਜ ਤੋਂ ਕਰੀਬ 40 ਸਾਲ ਪਹਿਲਾਂ ਇਸ ਹਸਪਤਾਲ ਨੂੰ ਅਮਰ ਸ਼ਹੀਦ ਲਾਲ ਜਗਤ ਨਾਰਾਇਣ ਜੀ ਨੇ ਆਪਣੇ ਕਰ-ਕਮਲਾਂ ਨਾਲ ਮਨੁੱਖਤਾ ਦੀ ਸੇਵਾ ਵਿਚ ਸਮਰਪਿਤ ਕੀਤਾ ਸੀ। ਜਦੋਂ ਕਿ ਲਾਲਾ ਜੀ ਵੱਲੋਂ ਸਿੰਝੇ ਗਏ ਇਸ ਛੋਟੇ ਜਿਹੇ ਬੂਟੇ ਨੇ ਅੱਜ ਚੋਪੜਾ ਪਰਿਵਾਰ ਦੀ ਦੇਖ-ਰੇਖ ਵਿਚ ਸੰਘਣੇ ਬਿਰਖ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਇਥੇ ਹਰ ਜ਼ਰੂਰਤਮੰਦ ਪਰਿਵਾਰ ਦਾ ਇਲਾਜ ਸੇਵਾ ਜਾਣ ਕੇ ਬਿਨਾਂ ਸਵਾਰਥ ਕੀਤਾ ਜਾਂਦਾ ਹੈ। ਡਾ. ਢੀਂਗਰਾ ਨੇ ਅੱਤਵਾਦ ਦੇ ਉਸ ਕਾਲੇ ਦੌਰ ਦੇ ਦਿਨਾਂ ਵਿਚ ਯਾਦਾਂ ਛੇੜਦੇ ਹੋਏ ਕਿਹਾ ਕਿ ਜਦੋਂ ਸੂਰਜ ਢਲਦੇ ਹੀ ਪੰਜਾਬ ਭਰ ਦੇ ਲੋਕ ਘਰਾਂ ਵਿਚ ਸਹਿਮ ਕੇ ਵੜ ਜਾਂਦੇ ਸਨ ਅਤੇ ਦੂਰ-ਦੂਰ ਤੱਕ ਸੁੰਨਸਾਨ ਹੁੰਦੀ ਸੀ, ਪੰਜਾਬ ਕੇਸਰੀ ਗਰੁੱਪ ਨੇ ਕਲਮ ਦੀ ਤਾਕਤ ਨਾਲ ਅਜਿਹਾ ਇਨਕਲਾਬ ਪੈਦਾ ਕੀਤਾ ਜਿਸ ਦੇ ਕਾਰਨ ਇਥੇ ਪੰਜਾਬ ਦਾ ਮਾਹੌਲ ਸ਼ਾਂਤਮਈ ਹੋ ਸਕਿਆ, ਉਥੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਆਪਸੀ ਪਿਆਰ ਦੀ ਭਾਵਨਾ ਦੁਬਾਰਾ ਪਰਤ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਿਰਫ ਇਕ ਅਖ਼ਬਾਰ ਹੀ ਨਹੀਂ ਬਲਕਿ ਸ਼ਹੀਦਾਂ ਦੇ ਪਵਿੱਤਰ ਲਹੂ ਨਾਲ ਲਿਖਿਆ ਗਿਆ, ਉਹ ਅਧਿਆਏ ਹੈ ਜਿਸ ਵਿਚ ਅਮਰ ਸ਼ਹੀਦ ਲਾਲ ਜਗਤ ਨਾਰਾਇਣ, ਅਮਰ ਸ਼ਹੀਦ ਰਮੇਸ਼ ਚੰਦਰ ਜੀ ਸਮੇਤ ਹਜ਼ਾਰਾਂ ਸ਼ਹੀਦਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ।

LEAVE A REPLY