ਸਾਹਿਤਕਾਰ ਸਦਨ ਵਲੋਂ ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਸਬੰਧੀ ਸਾਹਿਤਕ ਸਮਾਗਮ ਆਯੋਜਿਤ 

 

 

ਲੁਧਿਆਣਾ– 19ਵੀਂ ਸਦੀ ਦੇ ਮਹਾਨ ਸਾਹਿਤਕਾਰ, ਮਹਾਨ ਸੰਸਥਾਪਕ ਤੇ ਦਾਰਸ਼ਨਿਕ ਡਾਕਟਰ ਭਾਈ ਵੀਰ ਸਿੰਘ ਦਾ ਜਨਮ ਦਿਵਸ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵਲੋਂ ਸਾਹਿਤਕ ਸਮਾਗਮ ਦੇ ਰੂਪ ਵਿਚ ਮਨਾਇਆ ਗਿਆ। ਮਾਡਲ ਟਾਉਨ ਐਕਸਟੈਨਸ਼ਨ ਸਥਿਤ ਸਟੱਡੀ ਸਰਕਲ ਦੇ ਕੇਂਦਰੀ ਦਫਤਰ ਵਿਖੇ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਗੁਰੂ ਤੇਗ ਬਹਾਦਰ ਨਰਸਿੰਗ ਸੰਸਥਾ ਦੇ ਡਾਇਰੈਕਟਰ ਡਾ: ਅਮਰਜੀਤ ਸਿੰਘ (ਦੂਆ) ਨੇ ਕੀਤੀ। ਉਨ੍ਹਾਂ ਨੇ ਸੰਗੀਤਕ, ਵਿਆਖਿਆ, ਮੁੱਖੀ, ਕੁਦਰਤ ਪੱਖੀ ਅਤੇ ਜੀਵਨ ਸੇਧਾਂ ਦੇਣ ਵਾਲੇ ਸਮਾਗਮ ਦੀ ਸ਼ਲਾਘਾ ਕਰਦਿਆਂ ਭਾਈ ਸਾਹਿਤ ਦੇ ਸਾਹਿਤ ਵਿਚੋ ਮਿਸਾਲਾਂ ਦੇਂਦਿਆਂ ਉਨ੍ਹਾਂ ਨੂੰ ਸਫਲ ਜੀਵਨ ਜੀਉਣ ਵਾਲੇ ਯੁੱਗ ਪੁਰਸ਼ ਦੱਸਿਆ। ਖੇੜੇ ਦਾ ਜੀਵਨ ਉਨ੍ਹਾਂ ਦੇ ਸਾਹਿਤ ਦਾ ਥੀਮ ਹੈ। ਪੰਜਾਬ ਯੂਨੀਵਰਸਿਟੀ ਰੀਜ਼ਨਲ ਕੈਂਪਸ ਹੁਸ਼ਿਆਰਪੁਰ ਤੋਂ ਉਚੇਚੇ ਤੌਰ ਤੇ ਪਹੁੰਚੇ ਬੀਬੀ ਮੀਨਾ ਸ਼ਰਮਾ ਨੇ ਪਾਵਰ ਪੁਆਇੰਟ ਰਾਹੀਂ ਭਾਈ ਵੀਰ ਸਿੰਘ ਜੀ ਦੇ ਜੀਵਨ ਬਾਰੇ ਪੇਸ਼ਕਾਰੀ ਕੀਤੀ। ਉਨ੍ਹਾਂ ਬਹੁਤ ਖੂਬਸੂਰਤ ਲਹਿਜੇ ਵਿਚ ਭਾਈ ਸਾਹਿਬ ਦੇ ਸਾਹਿਤ ਵਿਚੋਂ ਸੂਖਮ ਤੱਤ ਪੇਸ਼ ਕੀਤੇ। ਡਾ: ਹਰਜੀਤ ਸਿੰਘ ਗੁਰਮਤਿ ਕਾਲਜ, ਪਟਿਆਲਾ ਨੇ ਭਾਈ ਵੀਰ ਸਿੰਘ ਜੀ ਦੀ ਵਿਆਖਿਆ ਵਿਧੀ ਦਾ ਮੁਲਾਂਕਣ ਕਰਦਿਆਂ ਉਸ ਨੂੰ ਬਾਣੀ ਦੀ ਅਨੁਸਾਰੀ ਦੱਸਿਆ।

ਪ੍ਰਸਿੱਧ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਆਖਿਆ ਕਿ ਭਾਈ ਵੀਰ ਸਿੰਘ ਜੀ ਇਕ ਉੱਚ ਕੋਟੀ ਦੇ ਨਾਵਲਕਾਰ ਸਨ ਜਿਨ੍ਹਾਂ ਤੋਂ ਪ੍ਰੇਰਨਾ ਲੈਂਦਿਆਂ ਪੰਜਾਬੀ ਭਾਸ਼ਾ ਵਿਕਾਸ ਕੇਂਦਰ ਵਲੋਂ ਨੌਜਵਾਨ ਲਿਖਾਰੀਆਂ ਵਿਚ ਨਾਵਲ ਪੜ੍ਹਨ ਲਿਖਣ ਦੀ ਰੁਚੀ ਵਧਾਉਣ ਹਿੱਤ ਉੱਦਮ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦਾ ਵਰਣਨ ਵੀ ਕੀਤਾ। ਮੈਡਮ ਬਲਜੀਤ ਕੌਰ ਹੁਰਾਂ ਠੁਮਰੀ ਵਿਧਾ ਵਿਚ ਭਾਈ ਸਾਹਿਬ ਦੀ ਰਚਨਾ ਪੇਸ਼ ਕਰਦੇ ਰੰਗ ਬੰਨ੍ਹ ਦਿੱਤਾ ਸਮਾਗਮ ਦੀ ਸ਼ੁਰੂਆਤ ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦੀ ਨਾਲ ਹੋਈ ਅਤੇ ਸਮਾਪਤੀ ਵੇਲੇ ਧੰਨ ਲਿਖਾਰੀ ਨਾਨਕਾ ਦਾ ਗਾਇਨ ਹੋਇਆ ਡਾ: ਹਰੀ ਸਿੰਘ ਜਾਚਕ, ਸ੍ਰ: ਰਵਿੰਦਰ ਸਿੰਘ ਦੀਵਾਨਾ, ਸ੍ਰ: ਸਤਿਨਾਮ ਸਿੰਘ ਕੋਮਲ, ਗਗਨਦੀਪ ਕੌਰ ਅਤੇ ਬੀਬਾ ਰੋਮੀ ਦਿਵਗੁਣ ਨੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਬੀਬਾ ਹਰਲੀਨ ਕੌਰ ਤੇ ਕੰਵਲਨੈਣ ਕੌਰ ਨੇ ਭਾਈ ਸਾਹਿਬ ਦੀਆਂ ਰਚਨਾਵਾਂ ਤੇ ਆਧਾਰਿਤ ਸੰਗੀਤਕ ਗਾਇਨ ਕੀਤਾ। ਡਾ: ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ ਨੇ ਆਏ ਸਾਹਿਤਕਾਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪ੍ਰਿੰ: ਰਾਮ ਸਿੰਘ ਸਰਪ੍ਰਸਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੋਰਾਂ ਧੰਨਵਾਦ ਕਰਦਿਆਂ ਲੁਧਿਆਣਾ ਜ਼ੋਨ ਅਤੇ ਸਾਹਿਤਕਾਰ ਸਦਨ ਨੂੰ ਅਜਿਹੇ ਸਮਾਗਮ ਆਯੋਜਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਸਿੱਖ ਬੁੱਕ ਸੈਂਟਰ ਵਲੋਂ ਪੁਸਤਕ ਦਰਸ਼ਨੀ ਵੀ ਲਾਈ ਗਈ।

LEAVE A REPLY