ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਬੱਸ-ਟੈਂਪੂ ਦੀ ਟੱਕਰ ‘ਚ 1 ਦੀ ਮੌਤ, 1 ਜ਼ਖਮੀਜਗਰਾਓਂ– ਬੀਤੀ ਰਾਤ ਇਥੇ ਜੀ. ਟੀ. ਰੋਡ ‘ਤੇ ਇਕ ਬੱਸ ਤੇ ਟੈਂਪੂ ‘ਚ ਹੋਏ ਹਾਦਸੇ ‘ਚ ਟੈਂਪੂ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਟੈਂਪੂ ‘ਚ ਹੀ ਬੈਠਾ ਇਕ ਹੋਰ ਨੌਜਵਾਨ ਜ਼ਖਮੀ ਹੋ ਗਿਆ। ਇਹ ਹਾਦਸਾ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਦੇਰ ਰਾਤ ਰਾਜਾ ਢਾਬਾ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਇਕ ਬੱਸ ਸੜਕ ‘ਤੇ ਖੜ੍ਹੀ ਸੀ, ਜਿਸ ‘ਚ ਪਿੱਛੋਂ ਆ ਰਿਹਾ ਟੈਂਪੂ (ਛੋਟਾ ਹਾਥੀ) ਵੱਜਿਆ। ਟੱਕਰ ਕਾਫੀ ਜ਼ਬਰਦਸਤ ਸੀ, ਜਿਸ ‘ਚ ਟੈਂਪੂ ਚਾਲਕ ਹਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਲਸੀਹਾਂ ਬਾਜਣ ਦੀ ਮੌਤ ਹੋ ਗਈ। ਟੈਂਪੂ ‘ਚ ਹੀ ਹਰਪ੍ਰੀਤ ਦੇ ਨਾਲ ਬੈਠਾ ਉਸ ਦਾ ਸਾਥੀ ਵਿਸ਼ਾਲ ਵਾਸੀ ਮਾਈ ਜੀਨਾ ਜਗਰਾਓਂ ਵਾਲ-ਵਾਲ ਬਚ ਗਿਆ। ਬੱਸ ਅੱਡਾ ਪੁਲਸ ਚੌਕੀ ਇੰਚਾਰਜ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਦੀ ਬੱਸ, ਜੋ ਲੁਧਿਆਣਾ ਤੋਂ ਅਬੋਹਰ ਨੂੰ ਜਾ ਰਹੀ ਸੀ, ਜੀ. ਟੀ. ਰੋਡ ‘ਤੇ ਹੀ ਰਾਜਾ ਢਾਬਾ ਨੇੜੇ ਖੜ੍ਹੀ ਸੀ। ਲੋਕਾਂ ਦਾ ਕਹਿਣਾ ਹੈ ਕਿ ਬੱਸ ਦਾ ਤੇਲ ਖ਼ਤਮ ਹੋ ਗਿਆ ਸੀ ਤੇ ਸੜਕ ‘ਤੇ ਹੀ ਬਿਨਾਂ ਲਾਈਟਾਂ ਜਗਾ ਕੇ ਖੜ੍ਹੀ ਬੱਸ ਦਾ ਚਾਲਕ ਤੇਲ ਦਾ ਬੰਦੋਬਸਤ ਕਰਨ ਚਲਾ ਗਿਆ। ਦੇਰ ਰਾਤ ਨੂੰ ਲੁਧਿਆਣਾ ਵੱਲੋਂ ਆ ਰਹੇ ਟੈਂਪੂ ਚਾਲਕ ਹਰਪ੍ਰੀਤ ਨੂੰ ਬੱਸ ਦਿਖਾਈ ਨਹੀਂ ਦਿੱਤੀ ਤੇ ਛੋਟਾ ਹਾਥੀ ਪਿੱਛੋਂ ਸਿੱਧਾ ਬੱਸ ‘ਚ ਵੱਜਿਆ।

ਮ੍ਰਿਤਕ ਨੂੰ ਟੈਂਪੂ ‘ਚੋਂ ਬੜੀ ਮੁਸ਼ਕਲ ਨਾਲ ਲੋਕਾਂ ਨੇ ਕੱਢਿਆ ਕਿਉਂਕਿ ਟੈਂਪੂ ਦਾ ਅਗਲਾ ਹਿੱਸਾ ਇਕੱਠਾ ਹੋ ਗਿਆ ਸੀ। ਹਰਪ੍ਰੀਤ ਤੇ ਵਿਸ਼ਾਲ ਨੂੰ ਜਦੋਂ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਹਰਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਕਮਲ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਖਿਲਾਫ ਪੁਲਸ ਨੇ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਹੈ।

LEAVE A REPLY