ਕਰਜ਼ ਮੁਆਫੀ ਲਈ ਕਿਸਾਨਾਂ ਨੇ ਰੋਕੀਆਂ ਰੇਲਾਂ, ਦਰਜਨਾਂ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ


Farmers Protest in Punjab

ਕਰਜ਼ ਮੁਆਫੀ ਲਈ ਕਿਸਾਨਾਂ ਨੇ ਬੁੱਧਵਾਰ ਨੂੰ ਫ਼ਿਰੋਜ਼ਪੁਰ ਤੋਂ ਲੁਧਿਆਣਾ, ਬਠਿੰਡਾ ਤੇ ਜਲੰਧਰ ਨੂੰ ਜਾਂਦੇ ਰੇਲਵੇ ਟਰੈਕ ਜਾਮ ਕਰ ਦਿੱਤੇ। ਟਰੈਕ ਜਾਮ ਹੋਣ ਕਾਰਨ ਦਰਜਨਾਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ।

ਕਰਜ਼ ਮੁਆਫੀ ਸਮੇਤ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਪੂਰਤੀ ਲਈ ਕਿਸਾਨਾਂ ਨੇ ਸ਼ੁਰੂ ਕੀਤਾ ਰੋਸ ਮੁਜ਼ਾਹਰਾ ਅੱਜ ਰੇਲਵੇ ਲਾਈਨਾਂ ’ਤੇ ਜਾ ਪੁੱਜਾ। ਫ਼ਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ ਵਿੱਚ ਪੈਂਦੀਆਂ ਰੇਲਵੇ ਲਾਈਨਾਂ ’ਤੇ ਕਿਸਾਨਾਂ ਨੇ ਧਰਨਾ ਲਾ ਲਿਆ। ਇਸ ਕਾਰਨ ਲੁਧਿਆਣਾ, ਜਲੰਧਰ ਸਮੇਤ ਬਠਿੰਡਾ ਨੂੰ ਜਾਣ ਵਾਲੀਆਂ ਦਰਜਨਾਂ ਰੇਲਾਂ ਪ੍ਰਭਾਵਿਤ ਹੋਈਆਂ।

ਰੋਹ ਵਿੱਚ ਆਏ ਕਿਸਾਨਾਂ ਨੇ ਕੈਪਟਨ ਸਰਕਾਰ ਨੂੰ ਕੋਸਦਿਆਂ ਆਪਣੀਆਂ ਮੰਗਾਂ ਦੀ ਪੂਰਤੀ ਤਕ ਅਜਿਹੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ। ਕਿਸਾਨਾਂ ਨੇ ਕਿਹਾ ਕਿ ਸਹੀ ਮੰਡੀਕਰਨ ਨਾ ਹੋਣ ਕਰਕੇ ਜਿੱਥੇ ਕਿਸਾਨਾਂ ਨੂੰ ਵਾਜ਼ਬ ਭਾਅ ਨਹੀਂ ਮਿਲਦੇ, ਉੱਥੇ ਰਾਹੇ-ਬਰਾਹੇ ਪੈਂਦੇ ਘਾਟਿਆਂ ਸਦਕਾ ਕਿਸਾਨ ਦਿਨੋਂ-ਦਿਨ ਮੰਦਹਾਲੀ ਦੇ ਦੌਰ ਵਿਚ ਘਿਰਦਾ ਜਾ ਰਿਹਾ ਹੈ ਤੇ ਕਿਸਾਨਾਂ ਦਾ ਸਿਰ ਚੜਿਆ ਕਰਜ਼ੇ ਦਾ ਬੋਝ ਘਟਨ ਦਾ ਨਾਮ ਨਹੀਂ ਲੈ ਰਿਹਾ।

ਕਿਸਾਨਾਂ ਵੱਲੋਂ ਰੋਕੀਆਂ ਰੇਲਾਂ ਸਦਕਾ ਰੇਲਾਂ ਦਾ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲ ਯਾਤਰੀਆਂ ਨੂੰ ਬਦਲਵੇਂ ਹੱਲ ਵਜੋਂ ਬੱਸ ਆਦਿ ਦੀ ਸਹੂਲਤ ਲੈਣ ਲਈ ਮਜਬੂਰ ਹੋਣਾ ਪਿਆ। ਉੱਧਰ, ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਅਜਿਹੇ ਧਰਨੇ-ਮੁਜ਼ਾਹਰੇ ਕਰਦੇ ਰਹਿਣਗੇ ਤੇ ਸਰਕਾਰ ਤੋਂ ਆਪਣੇ ਹੱਕ ਪ੍ਰਾਪਤ ਕਰਕੇ ਹੀ ਸਾਹ ਲੈਣਗੇ।


LEAVE A REPLY