ਪੁੱਤ ਨੇ ਕੀਤਾ ਸੀ ਪਿਓ ਨੂੰ ਮਾਰਨ ਦਾ ਯਤਨ


murder1

ਲੁਧਿਆਣਾ, (ਰਿਸ਼ੀ)- ਕਰੀਬ 2 ਹਫਤੇ ਪਹਿਲਾਂ ਕਿਦਵਈ ਨਗਰ ਇਲਾਕੇ ਵਿਚ ਦਿਨ-ਦਿਹਾੜੇ ਸੰਜੀਵ ਬੇਕਰੀ ਦੇ ਮਾਲਕ ਜੋਗਿੰਦਰ ਪਾਲ ‘ਤੇ ਚਲਾਈ ਗਈ ਗੋਲੀ ਦੇ ਮਾਮਲੇ ਨੂੰ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਹੱਲ ਕਰ ਲਿਆ ਹੈ। ਗੋਲੀ ਚਲਾਉਣ ਵਾਲਾ ਕੋਈ ਹੋਰ ਨਹੀਂ ਸੀ ਬਲਕਿ ਬੇਕਰੀ ਮਾਲਕ ਦਾ ਵੱਡਾ ਪੁੱਤਰ ਅਨਿਲ ਕੁਮਾਰ ਹੀ ਨਿਕਲਿਆ, ਜਿਸ ਨੇ ਸਾਰੀ ਜਾਇਦਾਦ ਹੜੱਪਣ ਲਈ ਆਪਣੇ ਪਿਤਾ ਦੀ ਹੱਤਿਆ ਕਰਨ ਦੀ ਨੀਅਤ ਨਾਲ ਉਸ ‘ਤੇ ਗੋਲੀ ਚਲਾ ਦਿੱਤੀ। ਇਸ ਗੱਲ ਦਾ ਖੁਲਾਸਾ ਡੀ. ਸੀ. ਪੀ. ਨਰਿੰਦਰ ਭਾਰਗਵ, ਏ. ਡੀ. ਸੀ. ਪੀ.-1 ਜੋਗਿੰਦਰ ਸਿੰਘ ਤੇ ਏ. ਸੀ. ਪੀ. ਸਤੀਸ਼ ਮਲਹੋਤਰਾ ਨੇ ਐਤਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਵਾਰਦਾਤ ਦੇ ਕਰੀਬ 3 ਦਿਨਾਂ ਬਾਅਦ ਉਕਤ ਦੋਸ਼ੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਘਰੋਂ ਦੁਕਾਨ ਖੋਲ੍ਹਣ ਦਾ ਕਹਿ ਕੇ ਨਿਕਲਿਆ ਪਰ ਨਾ ਤਾਂ ਦੁਕਾਨ ਖੋਲ੍ਹੀ ਅਤੇ ਨਾ ਹੀ ਘਰ ਵਾਪਸ ਆਇਆ ਅਤੇ ਮੋਬਾਇਲ ਨੰਬਰ ਵੀ ਬੰਦ ਆਉਣ ਲੱਗ ਪਿਆ, ਉਪਰੋਂ ਉਕਤ ਚਲਾਕ ਦੋਸ਼ੀ ਨੇ ਵੱਖ-ਵੱਖ ਨੰਬਰਾਂ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਸੋਸ਼ਲ ਮੀਡੀਆ ‘ਤੇ ਮੈਸੇਜ਼ ਭੇਜ ਕੇ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਉਸਦੀ ਮਰਨ ਦੀ ਵਾਰੀ ਹੈ, ਜਿਸ ਦੇ ਬਾਅਦ ਸਾਰੇ ਰਿਸ਼ਤੇਦਾਰ ਕਾਫੀ ਘਬਰਾ ਗਏ।
ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਸਦਾ ਸਕੂਟਰ ਇਕ ਪ੍ਰਮੁੱਖ ਹਸਪਤਾਲ ਦੀ ਪਾਰਕਿੰਗ ਤੋਂ ਮਿਲ ਗਿਆ ਅਤੇ ਬਾਅਦ ਵਿਚ ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਉਸ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਸਾਰਾ ਸੱਚ ਉਗਲ ਦਿੱਤਾ ਕਿ ਖੁਦ ਉੱਪਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਸਾਰੀ ਜਾਇਦਾਦ ਹੜੱਪਣ ਲਈ ਉਸਨੇ ਪਿਤਾ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ ਅਤੇ ਬਾਅਦ ਵਿਚ ਖੁਦ ਹੀ ਗਾਇਬ ਹੋ ਕੇ ਅਗਵਾ ਹੋਣ ਦਾ ਡਰਾਮਾ ਰਚਿਆ ਸੀ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਰਿਵਾਲਵਰ ਬੀਤੀ 7 ਫਰਵਰੀ ਨੂੰ ਉਸ ਕੋਲ ਆ ਗਿਆ ਸੀ। ਪਹਿਲਾਂ ਉਸਨੇ ਰਿਵਾਲਵਰ ਸਕੂਟਰ ਦੀ ਡਿੱਕੀ ਵਿਚ ਰੱਖਿਆ ਤੇ ਬਾਅਦ ਵਿਚ ਦੁਕਾਨ ਵਿਚ ਜਾ ਕੇ ਛੁਪਾ ਦਿੱਤਾ। ਵਾਰਦਾਤ ਵਾਲੇ ਦਿਨ ਪਿਤਾ ਦੇ ਦੁਕਾਨ ‘ਤੇ ਇਕੱਲੇ ਹੋਣ ਦਾ ਮੌਕਾ ਪਾ ਕੇ ਉਸਨੇ ਦਰਾਜ ਤੋਂ ਰਿਵਾਲਵਰ ਕੱਢਿਆ ਅਤੇ ਗੋਲੀ ਚਲਾ ਦਿੱਤੀ। ਇਸਦੇ ਬਾਅਦ ਰਿਵਾਲਵਰ ਨੂੰ ਫਿਰ ਛੁਪਾ ਲਿਆ ਅਤੇ ਦੋ ਦਿਨਾਂ ਬਾਅਦ ਰਾਤ ਦੇ ਸਮੇਂ ਜਾਂਦੇ ਸਮੇਂ ਈਸਾ ਨਗਰੀ ਪੁਲੀ ਵਿਚ ਸੁੱਟ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਦੋ ਹੋਰ ਨੌਜਵਾਨਾਂ ਪ੍ਰਿੰਸ ਤੇ ਮੋਹਿਤ ਨੂੰ ਨਾਮਜ਼ਦ ਕੀਤਾ ਹੈ।
ਪੁੱਛਗਿੱਛ ਦੌਰਾਨ ਅਨਿਲ ਨੇ ਦੱਸਿਆ ਕਿ ਉਹ ਆਪਣੇ ਇਕ ਪੁਰਾਣੇ ਨੌਕਰ ਪ੍ਰਿੰਸ ਨੂੰ ਜਾਣਦਾ ਸੀ, ਜਿਸ ਰਾਹੀਂ ਉਹ ਪਹਿਲਾਂ ਪ੍ਰਿੰਸ ਨੂੰ ਮਿਲਿਆ ਅਤੇ ਉਸਦੇ ਬਾਅਦ ਮੋਹਿਤ ਨਾਲ। ਮੋਹਿਤ ਨੇ ਹੀ ਉਸਨੂੰ ਯੂ. ਪੀ. ਤੋਂ ਰਿਵਾਲਵਰ ਲਿਆ ਕੇ ਦਿੱਤਾ ਸੀ। ਪੁਲਸ ਅਨੁਸਾਰ ਨਾਮਜ਼ਦ ਦੋਨੋਂ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਫੜੇ ਜਾਣ ‘ਤੇ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਉਥੇ ਫੜੇ ਗਏ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਈਸਾ ਨਗਰੀ ਪੁਲੀ ‘ਚ ਸੁੱਟੇ ਗਏ ਰਿਵਾਲਵਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮੋਹਿਤ ਕੋਲੋਂ ਪੁਲਸ ਨੂੰ ਕਈ ਹੋਰ ਨਾਜਾਇਜ਼ ਰਿਵਾਲਵਰ ਵੀ ਬਰਾਮਦ ਹੋਏ ਹਨ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ।


LEAVE A REPLY