ਲਿੰਗ ਨਿਰਧਾਰਨ ਟੈਸਟ ਦਾ ਪਰਦਾਫਾਸ਼!


pardafah

ਖੰਨਾ ਸ਼ਹਿਰ ਵਿਚ ਫਿਰ ਹਰਿਆਣਾ ਦੀ ਸਿਹਤ ਵਿਭਾਗ ਦੀ ਟੀਮ ਨੇ ਲਿੰਗ ਨਿਰਧਾਰਨ ਟੈਸਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਸ਼ਿਵਮ ਹਸਪਤਾਲ, ਪੀਰਖਾਨਾ ਰੋਡ ਖੰਨਾ ਦੇ ਪਤੀ-ਪਤਨੀ ਸਮੇਤ ਕੁੱਲ 6 ਕਥਿਤ ਮੁਲਜ਼ਮ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਲਾ ਦੇ ਡਿਪਟੀ ਸਿਵਲ ਸਰਜਨ ਡਾ. ਬੀ. ਬੀ. ਲਾਲਾ ਤੇ ਉਨ੍ਹਾਂ ਦੀ ਟੀਮ ਨੂੰ ਇਹ ਸੂਚਨਾ ਮਿਲੀ ਸੀ ਕਿ ਅੱਬੋਮਾਜਰਾ (ਪਟਿਆਲਾ) ਨਿਵਾਸੀ ਆਸ਼ਾ ਵਰਕਰ ਕ੍ਰਿਸ਼ਨਾ ਅਤੇ ਉਸਦਾ ਪਤੀ ਕਿਸ਼ਨ ਲਾਲ ਲਿੰਗ ਨਿਰਧਾਰਨ ਟੈਸਟ ਕਰਵਾਉਣ ਲਈ ਏਜੰਟ ਦਾ ਕੰਮ ਕਰਦੇ ਹਨ। ਜਿਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਉਪਰੋਕਤ ਟੀਮ ਨੇ ਇਕ ਟਰੈਪ ਬਣਾਇਆ, ਜਿਸ ਤਹਿਤ ਉਨ੍ਹਾਂ ਦੀ ਟੀਮ ਦੀ ਇਕ ਮਹਿਲਾ ਮੈਂਬਰ ਨੇ ਅੰਬਾਲਾ ਵਾਸੀ ਇਕ ਗਰਭਵਤੀ ਮਹਿਲਾ ਸੁਮਨ (ਨਕਲੀ ਨਾਮ) ਨੂੰ ਇਸ ਘਿਨਾਉਣੇ ਅਪਰਾਧ ਨੂੰ ਰੋਕਣ ਵਿਚ ਟੀਮ ਦੀ ਮਦਦ ਕਰਨ ਲਈ ਕਿਹਾ ਅਤੇ ਕ੍ਰਿਸ਼ਨਾ ਦਾ ਨੰਬਰ ਦਿੱਤਾ, ਜਿਸ ‘ਤੇ ਸੁਮਨ ਰਾਜ਼ੀ ਹੋ ਗਈ ਅਤੇ ਉਸਨੇ ਆਸ਼ਾ ਵਰਕਰ ਕ੍ਰਿਸ਼ਨਾ ਨੂੰ ਫੋਨ ਕਰਕੇ ਲਿੰਗ ਨਿਰਧਾਰਨ ਟੈਸਟ ਕਰਵਾਉਣ ਬਾਰੇ ਸੰਪਰਕ ਕੀਤਾ, ਜਿਸ ‘ਤੇ ਕ੍ਰਿਸ਼ਨਾ ਨੇ ਇਸ ਸਬੰਧੀ 26 ਫਰਵਰੀ ਦੀ ਤਰੀਕ ਤੈਅ ਕੀਤੀ ਪਰ ਉਸ ਦਿਨ ਸੰਪਰਕ ਕਰਨ ‘ਤੇ ਉਸਨੇ ਕਿਹਾ ਕਿ ਸਬੰਧਤ ਡਾਕਟਰ ਚੰਡੀਗੜ੍ਹ ਗਏ ਹੋਏ ਹਨ।
ਅਗਲੇ ਦਿਨ ਫੋਨ ਕਰਨ ‘ਤੇ ਕਿਹਾ ਕਿ ਸਕੈਨ ਮਸ਼ੀਨ ਖਰਾਬ ਹੈ ਅਤੇ 1 ਮਾਰਚ ਦੀ ਤਰੀਖ ਦਿੱਤੀ। ਜਿਸ ‘ਤੇ ਟੀਮ ਨੇ ਸੁਮਨ ਨੂੰ 20 ਹਜ਼ਾਰ ਰੁਪਏ ਦਿੰਦੇ ਹੋਏ ਨੋਟਾਂ ਦੇ ਨੰਬਰ ਨੋਟ ਕਰ ਲਏ। ਇਸ ਤੋਂ ਬਾਅਦ ਕ੍ਰਿਸ਼ਨਾ ਤੇ ਉਸਦਾ ਪਤੀ ਕਿਸ਼ਨ ਲਾਲ ਉਸਨੂੰ ਇਕ ਗੱਡੀ ਵਿਚ ਬਿਠਾ ਕੇ ਮੰਡੀ ਗੋਬਿੰਦਗੜ੍ਹ ਲੈ ਆਏ, ਜਿਥੇ ਤੀਜੇ ਕਥਿਤ ਏਜੰਟ ਦੇਸਰਾਜ ਵਾਸੀ ਪਿੰਡ ਤਲਾਣੀਆ (ਫਤਹਿਗੜ੍ਹ ਸਾਹਿਬ) ਜੋ ਕਿ ਗੋਬਿੰਦਗੜ੍ਹ ਵਿਖੇ ਮੈਡੀਕਲ ਸਟੋਰ ਚਲਾਉਂਦਾ ਹੈ, ਵੀ ਉਨ੍ਹਾਂ ਦੇ ਨਾਲ ਗੱਡੀ ਵਿਚ ਬੈਠ ਗਿਆ, ਜਿਸ ਨੂੰ ਕਿਸ਼ਨ ਲਾਲ ਨੇ 20 ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਇਹ ਕਥਿਤ ਮੁਲਜ਼ਮ ਖੰਨਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪੁੱਜੇ, ਜਿੱਥੋਂ ਪੈਦਲ ਹੀ ਸ਼ਿਵਮ ਹਸਪਤਾਲ ਚਲੇ ਗਏ, ਟ੍ਰੇਨਰ ਵਜੋਂ ਕੰਮ ਕਰਦੀ ਚੌਥੀ ਕਥਿਤ ਮੁਲਜ਼ਮ ਅਮਨਪ੍ਰੀਤ ਕੌਰ ਵਾਸੀ ਪਿੰਡ ਖਨਿਆਣ ਨੇ ਸੁਮਨ ਨੂੰ ਐਕਟਿਵਾ ‘ਤੇ ਬਿਠਾਇਆ ਅਤੇ ਪੰਜਵੀਂ ਕਥਿਤ ਮੁਲਜ਼ਮ ਹਰਪ੍ਰੀਤ ਕੌਰ ਵਾਸੀ ਗੁਰੂ ਹਰੀ ਕ੍ਰਿਸ਼ਨ ਨਗਰ, ਖੰਨਾ ਜੋ ਕਿ ਈਸੜੂ ਸਬ-ਸੈਂਟਰ ਵਿਖੇ ਬਤੌਰ ਸਟਾਫ਼ ਨਰਸ ਤਾਇਨਾਤ ਹੈ, ਦੇ ਘਰ ਲੈ ਗਈ। ਜਿੱਥੇ ਹਰਪ੍ਰੀਤ ਕੌਰ ਨੇ ਸਕੈਨ ਮਸ਼ੀਨ ਰਾਹੀਂ ਭਰੂਣ ਟੈਸਟ ਕਰਦੇ ਹੋਏ ਭਰੂਣ ਦੇ ਕੰਨਿਆ ਹੋਣ ਬਾਰੇ ਦੱਸਿਆ। ਇਸ ਤੋਂ ਬਾਅਦ ਸੁਮਨ ਨੂੰ ਵਾਪਿਸ ਸ਼ਿਵਮ ਹਸਪਤਾਲ ਲਿਆਂਦਾ ਗਿਆ, ਜਿੱਥੇ ਉਪਰੋਕਤ ਟੀਮ ਨੇ ਖੰਨਾ ਸਿਵਲ ਹਸਪਤਾਲ ਦੇ ਸੀ. ਐਮ. ਓ. ਡਾ. ਰਜਿੰਦਰ ਗੁਲਾਟੀ ਨੂੰ ਫੋਨ ‘ਤੇ ਸੂਚਿਤ ਕਰਦੇ ਹੋਏ ਹਸਪਤਾਲ ਵਿਚ ਰੈਡ ਕੀਤੀ ਪਰ ਕਥਿਤ ਮੁਲਜ਼ਮ ਦੇਸਰਾਜ ਨੇ 20 ਹਜ਼ਾਰ ਰੁਪਏ ਖੁਰਦ-ਬੁਰਦ ਕਰਦੇ ਹੋਏ ਆਪਣੀ ਜੇਬ ਵੀ ਪਾੜ੍ਹ ਲਈ ਪਰ ਇਕ ਹਜ਼ਾਰ ਦਾ ਇੱਕ ਨੋਟ ਬ੍ਰਾਮਦ ਕਰ ਲਿਆ ਗਿਆ। ਇਸ ਰੇਡ ਬਾਰੇ ਪਤਾ ਲੱਗਣ ‘ਤੇ ਹਰਪ੍ਰੀਤ ਕੌਰ ਅਤੇ ਹਸਪਤਾਲ ਦਾ ਸੰਚਾਲਕ ਸੋਹਣ ਸਿੰਘ ਜੋ ਕਿ ਪਤੀ ਪਤਨੀ ਹਨ, ਨੇ ਘਰੋਂ ਸਕੈਨ ਮਸ਼ੀਨ ਖੁਰਦ-ਬੁਰਦ ਕਰਦੇ ਹੋਏ ਫਰਾਰ ਹੋ ਗਏ। ਜਦ ਕਿ ਬਾਕੀ ਚਾਰ ਕਥਿਤ ਮੁਲਜ਼ਮਾਂ ਨੂੰ ਸਿਹਤ ਵਿਭਾਗ ਦੀ ਟੀਮ ਥਾਣਾ ਸਿਟੀ ਖੰਨਾ ਲੈ ਆਈ। ਜਿੱਥੇ ਪੁਲਸ ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿਚ ਕ੍ਰਿਸ਼ਨਾ, ਉਸਦਾ ਪਤੀ ਕਿਸ਼ਨ ਲਾਲ, ਦੇਸਰਾਜ, ਅਮਨਪ੍ਰੀਤ ਕੌਰ, ਸਟਾਫ਼ ਨਰਸ ਹਰਪ੍ਰੀਤ ਕੌਰ ਤੇ ਸ਼ਿਵਮ ਹਸਪਤਾਲ ਦੇ ਸੰਚਾਲਕ ਸੋਹਨ ਸਿੰਘ ਵਿਰੁੱਧ ਮਾਮਲਾ ਦਰਜ ਹੋ ਸਕਦਾ ਹੈ। ਸਮਾਚਾਰ ਲਿਖੇ ਜਾਣ ਤੱਕ ਹਰਪ੍ਰੀਤ ਕੌਰ ਤੇ ਸੋਹਨ ਸਿੰਘ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸਨ।
ਕੀ ਕਹਿੰਦੇ ਹਨ ਐੱਸ. ਐੱਸ. ਪੀ.-
ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਖੰਨਾ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਿੰਗ ਨਿਰਧਾਰਨ ਟੈਸਟ ਕਰਨਾ ਤੇ ਕਰਵਾਉਣਾ ਕਾਨੂੰਨੀ ਜੁਰਮ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਚ ਬਖਸ਼ਿਆ ਨਹੀਂ ਜਾਵੇਗਾ।


LEAVE A REPLY