ਸਵਾਈਨ ਫਲੂ ਦਾ ਕਹਿਰ ਜ਼ਾਰੀ ਦੋ ਹੋਰ ਮੌਤਾਂ


swine

ਸਵਾਈਨ ਫਲੂ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 62 ਸਾਲਾ ਮਰੀਜ਼ ਮਾਨਸਾ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ ‘ਚ ਭਰਤੀ ਸੀ, ਜਦੋਂਕਿ ਦੂਸਰਾ 35 ਸਾਲਾ ਮਰੀਜ਼ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਸੀ. ਐੱਮ. ਸੀ. ਹਸਪਤਾਲ ‘ਚ ਭਰਤੀ ਸੀ। ਮੁੰਡੀਆਂ ਖੁਰਦ ਵਿਚ ਰਹਿਣ ਵਾਲੇ ਉਕਤ ਮਰੀਜ਼ ਨੂੰ ਉਸ ਦੇ ਪਰਿਵਾਰ ਵਾਲੇ ਸੀ. ਐੱਮ. ਸੀ. ਹਸਪਤਾਲ ਤੋਂ ਛੁੱਟੀ ਕਰਵਾ ਕੇ ਪੀ. ਜੀ. ਆਈ. ਲੈ ਗਏ ਸਨ, ਜਿਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ 40 ਸਾਲਾ ਲੁਧਿਆਣਾ ਨਿਵਾਸੀ ਅਤੇ 60 ਸਾਲਾ ਸੰਗਰੂਰ ਦੇ ਰਹਿਣ ਵਾਲੇ ਮਰੀਜ਼ ‘ਚ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਦੋਵੇਂ ਮਰੀਜ਼ ਦਯਾਨੰਦ ਹਸਪਤਾਲ ਵਿਚ ਭਰਤੀ ਹਨ। ਜ਼ਿਲਾ ਨੋਲਡ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ 7 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਦੋ ਦਿਨ ਤੋਂ ਬਕਾਇਆ ਸੀ। ਅੱਜ ਆਈ ਰਿਪੋਰਟ ਵਿਚ ਉਕਤ ਚਾਰ ਮਰੀਜ਼ਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਹੁਣ  ਤਕ 220 ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ, ਇਨ੍ਹਾਂ ਵਿਚੋਂ 67 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਜਦੋਂਕਿ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਵਾਈਨ ਫਲੂ ਦੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ
ਸੀ. ਐੱਮ. ਸੀ. ਹਸਪਤਾਲ ਵੱਲੋਂ ਇਕ ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਜਿਸ ਦੀ ਰਿਪੋਰਟ ਬਕਾਇਆ ਸੀ, ਨੂੰ ਲੈਫਟ ਅਗੇਂਸਟ ਮੈਡੀਕਲ ਐਡਵਾਈਜ਼ (ਲਾਮਾ) ਦੇ ਆਧਾਰ ‘ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ, ਜਦੋਂਕਿ ਮਾਹਿਰਾਂ ਮੁਤਾਬਿਕ ਸਵਾਈਨ ਫਲੂ ਦਾ ਇਕ ਮਰੀਜ਼ ਵੀ ਮਹਾਮਾਰੀ ਦੇ ਬਰਾਬਰ ਹੁੰਦਾ ਹੈ। ਉਸ ਨੂੰ ਇਸ ਤਰ੍ਹਾਂ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਜਾ ਸਕਦੀ। ਜਿਵੇਂ ਹੀ ਅੱਜ ਉਕਤ ਮਰੀਜ਼ ਦੀ  ਰਿਪੋਰਟ ਪਾਜ਼ੇਟਿਵ ਆਈ ਤਾਂ ਸਿਹਤ ਵਿਭਾਗ ‘ਚ ਹਫੜਾ-ਦਫੜੀ ਮਚ ਗਈ। ਸਵਾਈਨ ਫਲੂ ਦੇ ਜ਼ਿਲਾ ਨੋਡਲ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਪਤਾ ਲੱਗਿਆ ਕਿ ਉਕਤ ਮਰੀਜ਼ ਦੇ ਪਰਿਵਾਰ ਵਾਲੇ ਉਸ ਨੂੰ ਪੀ. ਜੀ. ²ਆਈ. ਚੰਡੀਗੜ੍ਹ ਲੈ ਗਏ ਸਨ, ਜਿਥੇ ਉਸ ਦੀ ਮੌਤ ਹੋ ਗਈ। ਇਹ ਮਰੀਜ਼ ਸੀ. ਐੱਮ. ਸੀ. ਹਸਪਤਾਲ ਵੱਲੋਂ ਰੈਫਰ ਨਹੀਂ ਕੀਤਾ ਗਿਆ ਸੀ, ਬਲਕਿ ਉਸ ਨੂੰ ਛੁੱਟੀ ਦਿੱਤੀ ਗਈ ਸੀ।


LEAVE A REPLY