ਸਿਹਤ ਵਿਭਾਗ ਵੱਲੋਂ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਨਿੱਜੀ ਸਫਾਈ ਸੰਬੰਧੀ ਸਲਾਹ ਜਾਰੀ – ਸਿਵਲ ਸਰਜਨ


Dr Parvinder Singh Pal Civil Surgeon Ludhiana

ਲੁਧਿਆਣਾ – ਲੋਕਾਂ ਨੂੰ ਸਾਫ਼ ਸੁਥਰਾ ਪੌਣ, ਪਾਣੀ ਅਤੇ ਤੰਦਰੁਸਤ ਸਿਹਤ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰਸੁਤ ਪੰਜਾਬ’ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਿਹਤ ਵਿਭਾਗ ਵੱਲੋਂ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਨਿੱਜੀ ਸਫਾਈ ਰੱਖਣ ਬਾਰੇ ਕੁਝ ਜ਼ਰੂਰੀ ਸਲਾਹਾਂ ਜਾਰੀ ਕੀਤੀਆਂ ਗਈਆਂ
ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਆਪਣੇ ਆਲੇ-ਦੁਆਲੇ ਦੇ ਨਾਲ-ਨਾਲ ਆਪਣੀ ਨਿੱਜੀ ਸਫਾਈ ਨੂੰ ਜ਼ਰੂਰੀ ਬਣਾਉਣਾ ਚਾਹੀਦਾ ਹੈ। ਮਠਿਆਈ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਮਠਿਆਈਆਂ ਬਣਾਉਣ ਅਤੇ ਵਰਤਾਉਣ ਵਾਲੇ ਵਿਅਕਤੀ ਦੀ ਨਿੱਜੀ ਸਫਾਈ ਇੱਕ ਮਹੱਤਵਪੂਰਨ ਕੜੀ ਹੈ। ਜਿਸ ਕਰਕੇ ਉਨਾਂ ਨੂੰ ਹਮੇਸ਼ਾਂ ਆਪਣੇ ਹੱਥ ਸਾਬਣ ਅਤੇ ਸਾਫ਼ ਪੀਣ ਵਾਲੇ ਪਾਣੀ ਨਾਲ ਧੋਣੇ ਚਾਹੀਦੇ ਹਨ। ਹੱਥਾਂ ਨੂੰ ਰੋਗਾਣੂ ਮੁਕਤ ਕਰਕੇ ਕਿਸੇ ਸਾਫ਼ ਕੱਪੜੇ, ਤੌਲੀਏ ਜਾਂ ਡਿਸਪੋਜ਼ੇਬਲ ਪੇਪਰ ਨਾਲ ਸੁਕਾਉਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਮਠਿਆਈਆਂ ਬਣਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੋਈ ਵੀ ਕੱਚੇ ਜਾਂ ਦੂਸ਼ਿਤ ਪਦਾਰਥ, ਸੰਦ, ਸਾਜੋ-ਸਮਾਨ ਜਾਂ ਕੰਮ ਕਰਨ ਦੀ ਸਤਾ ਨੂੰ ਛੋਹਣ ਤੋਂ ਬਾਅਦ ਜਾਂ ਪਖ਼ਾਨੇ ਦੀ ਵਰਤੋਂ ਕਰਨ ਉਪਰੰਤ ਹੱਥ ਜ਼ਰੂਰ ਧੋਣੇ ਚਾਹੀਦੇ ਹਨ। ਕੰਮ ਵਾਲੇ ਖੇਤਰ ਵਿੱਚ ਮਠਿਆਈ ਤਿਆਰ ਕਰਨ ਵੇਲੇ ਸਿਗਰਟ ਪੀਣਾ, ਥੁੱਕਣਾ, ਛਿੱਕ ਮਾਰਨਾ, ਖੰਘਣਾ, ਪਾਨ ਜਾਂ ਚਿੰਗਮ ਚਬਾਉਣਾ ਜਾਂ ਭੋਜਨ ਆਦਿ ਨਹੀਂ ਖਾਣਾ ਚਾਹੀਦਾ ਹੈ। ਉਸਨੂੰ ਸਮੇਂ-ਸਮੇਂ ਸਿਰ ਆਪਣੇ ਵਾਲ ਅਤੇ ਨਹੁੰ ਕੱਟਦੇ ਰਹਿਣਾ ਚਾਹੀਦਾ ਹੈ।

ਡਾ. ਸਿੱਧੂ ਨੇ ਕਿਹਾ ਕਿ ਮਠਿਆਈ ਤਿਆਰ ਕਰਨ ਵਾਲੇ ਨੂੰ ਨੱਕ ਖੁਰਕਣਾ, ਵਾਲਾਂ ਵਿੱਚ ਹੱਥ ਫੇਰਨਾ, ਅੱਖਾਂ, ਮੂੰਹ ਅਤੇ ਕੰਨ ਮਲਣਾਂ, ਦਾੜੀ ਜਾਂ ਸਰੀਰ ਦੇ ਕਿਸੇ ਹਿੱਸੇ ਨੂੰ ਖੁਰਕਣਾ ਨਹੀਂ ਚਾਹੀਦਾ। ਜੇਕਰ ਇਹ ਸੰਭਵ ਨਾ ਹੋਵੇ ਤਾਂ ਅਜਿਹਾ ਕਰਨ ਤੋਂ ਬਾਅਦ ਭੋਜਨ ਬਣਾਉਣ ਦੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਧੋ ਲੈਣਾ ਚਾਹੀਦਾ ਹੈ। ਉਸਨੂੰ ਮਠਿਆਈ ਬਣਾਉਣ ਵੇਲੇ ਆਮ ਵਰਤੋਂ ਵਾਲੀਆਂ ਜੁੱਤੀਆਂ ਨੂੰ ਪੂਰੀ ਸਫਾਈ ਜਾਂ ਕਵਰ ਪਾਉਣ ਤੋਂ ਬਾਅਦ ਹੀ ਭੋਜਨ ਖੇਤਰ ਵਿੱਚ ਜਾਣਾ ਚਾਹੀਦਾ ਹੈ। ਉਨਾਂ ਸਮੂਹ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਕਰਮਚਾਰੀਆਂ ਦੀ ਸਾਲ ਵਿੱਚ ਇੱਕ ਵਾਰ ਰਜਿਸਟਰਡ ਮੈਡੀਕਲ ਡਾਕਟਰ ਕੋਲੋਂ ਮੈਡੀਕਲ ਜਾਂਚ ਜ਼ਰੂਰ ਕਰਵਾਈ ਜਾਵੇ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇ। ਕਿਸੇ ਮਹਾਂਮਾਰੀ ਦੀ ਸੰਭਾਵਨਾ ਵਿੱਚ ਸਾਰੇ ਕਰਮਚਾਰੀਆਂ ਨੂੰ ਨਿਸਚਿਤ ਕੀਤੇ ਟੀਕਿਆਂ ਤੋਂ ਇਲਾਵਾ ਮਹਾਂਮਾਰੀ ਤੋਂ ਰੋਕਥਾਮ ਦਾ ਟੀਕਾ ਵੀ ਲਗਾਉਣਾ ਚਾਹੀਦਾ ਹੈ। ਮੈਡੀਕਲ ਜਾਂਚ ਵਿੱਚ ਸਰੀਰਕ ਜਾਂਚ, ਅੱਖਾਂ ਅਤੇ ਚਮੜੀ ਦੀ ਜਾਂਚ ਜ਼ਰੂਰੀ ਹੈ।


LEAVE A REPLY