ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ,100 ਫੀਟ ਚੌੜੀ ਪਹੁੰਚ ਸੜਕ ਦਾ ਕੰਮ ਜਲਦ ਸ਼ੁਰੂ ਹੋਵੇਗਾ – ਰਜਤ ਅਗਰਵਾਲ


ਲੁਧਿਆਣਾ – ਸ਼ਹਿਰ ਦੇ ਪੈਰ੍ਹਾਂ ਵਿੱਚ ਵੱਸਦੇ ਪਿੰਡ ਧਨਾਨਸੂ ਵਿਖੇ ਬਣਨ ਵਾਲੇ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਨੇ ਹੁਣ ਤੇਜ਼ੀ ਫੜ੍ਹ ਲਈ ਹੈ। ਸਥਾਨਕ ਚੰਡੀਗੜ੍ਹ ਸੜਕ ਤੋਂ ਪ੍ਰੋਜੈਕਟ ਤੱਕ ਬਣਨ ਵਾਲੀ ਸੜਕ ਦਾ ਕੰਮ ਜਲਦ ਸ਼ੁਰੂ ਕਰਾਉਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਜਤ ਅਗਰਵਾਲ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਅਮਰਜੀਤ ਸਿੰਘ ਬੈਂਸ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਰੂਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪਿੰਡ ਧਨਾਨਸੂ ਵਿਖੇ ਪ੍ਰੋਜੈਕਟ ਦਾ ਜਾਇਜ਼ਾ ਲੈਂਦਿਆਂ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਤੇ ਕੰਮ ਜ਼ੋਰਾਂ ਨਾਲ ਜਾਰੀ ਹੈ। ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਦਾ ਸੀ. ਐੱਲ. ਯੂ. (ਭੂਮੀ ਵਰਤੋਂ ਤਬਦੀਲੀ) ਹੋ ਗਈ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇਕਨਾਮਿਕਸ ਐਂਡ ਸੋਸ਼ਾਲੋਜੀ ਵਿਭਾਗ ਵੱਲੋਂ ਸੋਸ਼ਲ ਇੰਪੈਕਟ ਅਸੈਸਮੈਂਟ (ਸਮਾਜਿਕ ਪ੍ਰਭਾਵ ਮੁਲਾਂਕਣ) ਦੀ ਕਾਰਵਾਈ ਵੀ ਮੁਕੰਮਲ ਕਰ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਵੱਲੋਂ ਪਿੰਡ ਧਨਾਨਸੂ ਵਿਖੇ 380 ਏਕੜ ਜਗ੍ਹਾਂ ਵਿੱਚ ਬਣਨ ਵਾਲੇ ਆਪਣੀ ਤਰ੍ਹਾਂ ਦੇ ਪਹਿਲੇ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਦੇ ਕੰਮ ਵਿੱਚ ਤੇਜ਼ੀ ਲੈ ਆਂਦੀ ਹੈ। ਇਸ ਪ੍ਰੋਜੈਕਟ ਨੂੰ ਲੁਧਿਆਣਾ-ਚੰਡੀਗੜ੍ਹ ਸੜਕ ਨਾਲ ਜੋੜਨ ਲਈ ਰਾਮਗੜ੍ਹ ਪੁਲਿਸ ਚੌਕੀ ਕੋਲੋਂ ਪਹੁੰਚ ਸੜਕ ਬਣਾਈ ਜਾਣੀ ਹੈ, ਜਿਸ ਦੀ ਚੌੜਾਈ ਕਰੀਬ 100 ਫੀਟ ਹੋਵੇਗੀ। ਜਿਸ ਦਾ ਅੱਜ ਜਾਇਜ਼ਾ ਲਿਆ ਗਿਆ। ਸੜਕ ਬਣਾਉਣ ਦਾ ਕੰਮ ਜਲਦ ਸ਼ੁਰੂ ਹੋਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤੇ 500 ਕਰੋੜ ਰੁਪਏ ਲਾਗਤ ਆਉਣੀ ਹੈ, ਜਿਸ ਵਿੱਚੋਂ 120 ਕਰੋੜ ਰੁਪਏ ਸਿਰਫ਼ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਖਰੀਦਣ ਲਈ ਹੀ ਰੱਖੇ ਗਏ ਸਨ। ਇਸ ਪ੍ਰੋਜੈਕਟ ਲਈ 380 ਏਕੜ ਜ਼ਮੀਨ ਅਧਿਗ੍ਰਹਿਣ ਕਰ ਲਈ ਗਈ ਹੈ ਅਤੇ ਇਸ ਬਦਲੇ 120 ਕਰੋੜ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਇਸ ਸਾਈਕਲ ਵੈਲੀ ਵਿੱਚ ਸਰਬੋਤਮ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਜਿਨ੍ਹਾਂ ਵਿੱਚ ਅੰਦਰੂਨੀ ਪੱਕੀਆਂ ਸੜਕਾਂ, ਟਿੳੂਬਵੈੱਲ ਅਤੇ ਨਹਿਰੀ ਪਾਣੀ ਦੀ ਸਹੂਲਤ, ਪਾਣੀ ਸੋਧਕ ਪਲਾਂਟ, ਆਟੋਮੇਸ਼ਨ ਸਿਸਟਮ, ਸਾਂਝਾ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ ਅਤੇ ਸਾਲਿਡ ਵੇਸਟ ਮੈਨੇਜਮੈਂਟ, ਸਟੌਰਮ ਵਾਟਰ ਡਰੇਨੇਜ ਅਤੇ ਸੀਵਰੇਜ ਸਿਸਟਮ, ਮੀਂਹ ਵਾਲੇ ਪਾਣੀ ਦਾ ਹਾਰਵੈਸਟਿੰਗ ਸਿਸਟਮ, ਇਲੈਕਟਰੀਕਲ ਸਬ ਸਟੇਸ਼ਨ, ਆਧੁਨਿਕ ਲਾਈਟਾਂ, ਕੇਬਲ ਟੈਲੀਵਿਜ਼ਨ, ਸੀ. ਸੀ. ਟੀ. ਵੀ. ਅਤੇ ਵਧੀਆ ਦੂਰ ਸੰਚਾਰ ਸੇਵਾਵਾਂ ਸ਼ਾਮਿਲ ਹੋਣਗੀਆਂ।

ਇਸ ਪ੍ਰੋਜੈਕਟ ਵਿੱਚ ਕਨਵੈਨਸ਼ਨ ਕਮ ਪ੍ਰਦਰਸ਼ਨੀ ਕੇਂਦਰ, ਟਰਾਂਸਪੋਰਟ ਹੱਬ, ਵੇਅਰਹਾੳੂਸਿੰਗ ਸਹੂਲਤ, ਬੈਂਕ ਸਹੂਲਤ, ਵਪਾਰਕ ਅਤੇ ਸਿਹਤ ਸੁਵਿਧਾਵਾਂ, ਸਕੂਲ, ਛੋਟੇ ਬੱਚਿਆਂ ਲਈ ਕਰੈੱਚ, ਔਰਤਾਂ ਲਈ ਆਰਾਮ ਘਰ, ਪੁਲਿਸ ਪੋਸਟ, ਕੰਟੀਨ, ਰੈਸਟੋਰੈਂਟ, ਬੱਸ ਅੱਡਾ, ਮਜ਼ਦੂਰਾਂ ਅਤੇ ਡਰਾਈਵਰਾਂ ਲਈ ਰਹਿਣ ਲਈ ਜਗ੍ਹਾ, ਹੁਨਰ ਵਿਕਾਸ ਕੇਂਦਰ ਆਦਿ ਬਣਨਗੇ। ਸ੍ਰੀ. ਅਗਰਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਫਰਵਰੀ 2019 ਵਿੱਚ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਜਦਕਿ ਸਾਰੀਆਂ ਬੁਨਿਆਦੀ ਸਹੂਲਤਾਂ 31 ਦਸੰਬਰ, 2020 ਤੱਕ ਮੁਹੱਈਆ ਕਰਾਉਣ ਦਾ ਟੀਚਾ ਹੈ। ਇਹ ਪੂਰਾ ਪ੍ਰੋਜੈਕਟ ਜੂਨ 2021 ਤੱਕ ਮੁਕੰਮਲ ਹੋ ਕੇ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਟੀਚਾ ਹੈ।

  • 1
    Share

LEAVE A REPLY