ਰਾਸ਼ਟਰੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣ – ਵਧੀਕ ਡਿਪਟੀ ਕਮਿਸ਼ਨਰ (ਜ)


ਲੁਧਿਆਣਾ – ਜ਼ਿਲ੍ਹਾ ਲੁਧਿਆਣਾ ਵਿੱਚ ਰਾਸ਼ਟਰੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਰਾਸ਼ਟਰੀ ਏਕਤਾ ਹਫਤੇ ਦੀ ਸ਼ੁਰੂਆਤ ਕੀਤੀ ਗਈ, ਇਸ ਸਬੰਧੀ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬੱਚਤ ਭਵਨ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਕੀਤੀ। ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ੍ਰ. ਅਮਰਿੰਦਰ ਸਿੰਘ ਮੱਲ੍ਹੀ, ਡਵੀਜ਼ਨਲ ਜੰਗਲਾਤ ਅਫਸਰ ਸ੍ਰ. ਚਰਨਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰ. ਜਗਦੇਵ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਤਹਿਸੀਲਦਾਰ ਲੁਧਿਆਣਾ ਪੱਛਮੀ ਸ੍ਰ. ਅਜੀਤਪਾਲ ਸਿੰਘ, ਜ਼ਿਲ੍ਹਾ ਖੇਡ ਅਫਸਰ ਸ੍ਰ. ਰਵਿੰਦਰ ਸਿੰਘ ਅਤੇ ਹੋਰਾਂ ਨੇ ਭਾਗ ਲਿਆ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰ. ਸੰਧੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਏਕਤਾ ਹਫਤੇ ਦੌਰਾਨ ਲੋਕਾਂ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾਣ ਕਿਉਂਕਿ ਸਾਡੇ ਦੇਸ਼ ਦਾ ਵਿਕਾਸ ਵੱਖ-ਵੱਖ ਲੋਕਾਂ, ਫਿਰਕਿਆਂ ਅਤੇ ਧਰਮਾਂ ਵਿੱਚ ਆਪਸੀ ਏਕਤਾ ਅਤੇ ਮਜ਼ਬੂਤ ਭਾਈਚਾਰਕ ਸਾਂਝ ਨਾਲ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਹੁ-ਸਭਿਆਚਾਰਕ, ਵਿਭਿੰਨਤਾ ਤੇ ਅਨੇਕਾਂ ਹੀ ਧਰਮਾਂ ਵਾਲੇ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ, ਕੌਮੀ ਏਕਤਾ ਅਤੇ ਅੰਦਰੂਨੀ ਮਜਬੂਤੀ ਵਿੱਚ ਵਾਧਾ ਕਰਨ ਲਈ ਪੂਰੇ ਦੇਸ਼ ਭਰ ਵਿੱਚ ਮਿਤੀ 19 ਨਵੰਬਰ ਤੋਂ 25 ਨਵੰਬਰ ਤੱਕ ‘ਕੌਮੀ ਏਕਤਾ ਹਫਤਾ” ਮਨਾਇਆ ਜਾ ਰਿਹਾ ਹੈ।

ਸ੍ਰ. ਸੰਧੂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ‘ਚ ਮਿਤੀ 19 ਨਵੰਬਰ ਤੋਂ 25 ਨਵੰਬਰ ਤੱਕ ‘ਕੌਮੀ ਏਕਤਾ ਹਫਤਾ” ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਜਿਹੇ ਦਿਵਸ ਮਨਾਉਣ ਨਾਲ ਜਿੱਥੇ ਪੁਰਾਣੇ ਰੀਤੀ-ਰਿਵਾਜਾਂ, ਸਹਿਣ ਸ਼ਕਤੀ ਵਿੱਚ ਵਾਧਾ, ਸਵੈ-ਮਾਣ ਅਤੇ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ, ਉੱਥੇ ਬਹੁ-ਸਭਿਆਚਾਰਕ ਅਤੇ ਅਨੇਕਾਂ ਹੀ ਧਰਮਾਂ ਵਾਲੇ ਦੇਸ਼ ਵਿੱਚ ਭਾਈਚਾਰਕ ਸਾਂਝ ਹੋਰ ਵਧਾਉਣ ਲਈ ਇੱਕ ਪਲੇਟਫਾਰਮ ਦਾ ਵੀ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ”ਕੌਮੀ ਏਕਤਾ ਦਿਵਸ” ਸਾਡੀ ਅੰਦਰੂਨੀ ਮਜਬੂਤੀ ਅਤੇ ਆਪਸੀ ਏਕਤਾ ਦਾ ਵੀ ਪ੍ਰਗਟਾਵਾ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਮਿਤੀ 19 ਨਵੰਬਰ ਦਾ ਦਿਨ ”ਕੌਮੀ ਏਕਤਾ ਦਿਵਸ” ਵਜੋਂ ਮਨਾਇਆ ਗਿਆ ਹੈ ਜਦਕਿ ਮਿਤੀ 20 ਨਵੰਬਰ ਦਾ ਦਿਨ ”ਘੱਟ ਗਿਣਤੀ ਭਲਾਈ ਦਿਵਸ”, ਮਿਤੀ 21 ਨਵੰਬਰ ਦਾ ਦਿਨ ”ਭਾਸ਼ਾਈ ਸਦਭਾਵਨਾ ਦਿਵਸ”, ਮਿਤੀ 22 ਨਵੰਬਰ ਦਾ ਦਿਨ ”ਕਮਜੋਰ ਵਰਗ ਦਿਵਸ”, ਮਿਤੀ 23 ਦਾ ਦਿਨ ”ਸਭਿਆਚਾਰਕ ਏਕਤਾ ਦਿਵਸ”, ਮਿਤੀ 24 ਨਵੰਬਰ ਦਾ ਦਿਨ ” ਔਰਤ ਦਿਵਸ” ਅਤੇ ਮਿਤੀ 24 ਨਵੰਬਰ ਦਾ ਦਿਨ ” ਵਾਤਾਵਰਨ ਸੰਭਾਲ ਦਿਵਸ” ਵਜੋਂ ਮਨਾਇਆ ਜਾ ਰਿਹਾ ਹੈ।

  • 7
    Shares

LEAVE A REPLY