ਮੁਸਲਿਮ ਅਤੇ ਇਸਾਈ ਭਾਈਚਾਰੇ ਨੂੰ ਆਬਾਦੀ ਦੇ ਨੇੜੇ ਮੁਹੱਈਆ ਹੋਵੇਗੀ ਕਬਰਿਸਤਾਨ ਲਈ ਜਗਾ – ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ


Punjab State Minority Commisson will provide Graveyards to Muslims and Christians near their Localities in Ludhiana

ਲੁਧਿਆਣਾ – ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਨੇ ਜ਼ਿਲਾਂ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਹੈ ਕਿ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਉਨਾਂ ਦੀ ਆਬਾਦੀ ਦੇ ਨਜ਼ਦੀਕ ਹੀ ਕਬਰਿਸਤਾਨ ਲਈ ਜਗਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਭਾਈਚਾਰਿਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਸਕੇ। ਦੋਵੇਂ ਭਾਈਚਾਰਿਆਂ ਨਾਲ ਸੰਬੰਧਤ ਮਾਮਲਿਆਂ ਦੇ ਨਿਪਟਾਰੇ ਨੂੰ ਮੱਦੇਨਜ਼ਰ ਰੱਖਦਿਆਂ ਸਥਾਨਕ ਸਰਕਟ ਹਾਊਸ ਵਿਖੇ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਸੀਹ ਨੇ ਪ੍ਰਸਾਸ਼ਨ ਨੂੰ 15 ਦਿਨਾਂ ਦੇ ਅੰਦਰ-ਅੰਦਰ ਇਸ ਸੰਬੰਧੀ ਰਿਪੋਰਟ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ ਗਈ। ਉਨਾਂ ਕਿਹਾ ਕਿ ਮੁਸਲਮਾਨ ਅਤੇ ਇਸਾਈ ਭਾਈਚਾਰਾ ਪੰਜਾਬ ਦੀ ਕੁੱਲ ਆਬਾਦੀ ਦੇ ਸੰਦਰਭ ਵਿੱਚ ਆਪਣੇ ਆਪ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ, ਜਿਸ ਦੀਆਂ ਮੰਗਾਂ ਨੂੰ ਕਿਸੇ ਵੀ ਹੀਲੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿੱਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰ. ਸਤਵੰਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰ. ਅਮਰਿੰਦਰ ਸਿੰਘ ਮੱਲੀ, ਸ੍ਰ. ਗੁਰਦੀਪ ਸਿੰਘ ਐੱਸ. ਪੀ. ਲੁਧਿਆਣਾ ਦਿਹਾਤੀ, ਸ੍ਰ. ਬਲਵਿੰਦਰ ਸਿੰਘ ਭੀਖੀ ਐੱਸ. ਪੀ. ਖੰਨਾ, ਸ੍ਰ. ਰੂਪ ਸਿੰਘ ਜ਼ਿਲਾਂ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸ੍ਰੀ ਮਸੀਹ ਨੇ ਕਿਹਾ ਕਿ ਜ਼ਿਲੇ ਵਿੱਚ ਵੱਸਦੇ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਦੀ ਪਛਾਣ ਕਰਕੇ ਉਨਾਂ ਨੂੰ ਉਨਾਂ ਦੀ ਵਸੋਂ ਦੇ ਨਜ਼ਦੀਕ ਹੀ ਕਬਰਿਸਤਾਨ ਲਈ ਜਗਾ ਮੁਹੱਈਆ ਕਰਵਾਈ ਜਾਵੇ।

ਉਨਾਂ ਕਿਹਾ ਕਿ ਦੋਵਾਂ ਭਾਈਚਾਰਿਆਂ ਨੂੰ ਪ੍ਰਸਾਸ਼ਨ ਵੱਲੋਂ ਸ਼ਹਿਰ ਲੁਧਿਆਣਾ ਵਿੱਚ ਜੋ ਜਗਾ ਅਲਾਟ ਕੀਤੀ ਗਈ ਹੈ, ਉਹ ਬਹੁਤ ਹੀ ਗੰਦੀ ਹੈ ਅਤੇ ਕਬਰਿਸਤਾਨਾਂ ਲਈ ਢੁੱਕਵੀਂ ਨਹੀਂ ਹੈ। ਇਸ ਲਈ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਨੂੰ ਹਦਾਇਤ ਕੀਤੀ ਗਈ ਕਿ ਦੋ ਨਵੀਂਆਂ ਜਗਾਵਾਂ ਦੀ ਭਾਲ ਕੀਤੀ ਜਾਵੇ ਤਾਂ ਜੋ ਦੋਵੇਂ ਕਬਰਿਸਤਾਨ ਉਥੇ ਤਬਦੀਲ ਕੀਤੇ ਜਾ ਸਕਣ। ਦੋਵੇਂ ਜਗਾ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿੱਥੇ ਕਿ ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਜਾਂ ਹੋਰ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਨਾ ਹੋਵੇ। ਉਨਾਂ ਕਿਹਾ ਕਿ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਕਾਰਜ ਵਿਹਾਰ ਅਤੇ ਸਮਾਗਮ ਕਰਨ ਵਿੱਚ ਜਗਾ ਦੀ ਅਣਹੋਂਦ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਸ਼ਹਿਰ ਵਿੱਚ ‘ਮਸੀਹੀ ਭਵਨ’ ਉਸਾਰਨ ਲਈ ਯੋਗ ਜਗਾ ਦੀ ਚੋਣ ਕੀਤੀ ਜਾਵੇ।

ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋਵੇਂ ਭਾਈਚਾਰਿਆਂ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਅਤੇ ਜਾਤੀ ਸਰਟੀਫਿਕੇਟ ਲੈਣ ਲਈ ਮਜ਼ਬੂਰ ਨਾ ਕਰਨ ਬਾਰੇ ਵੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਦੋਵਾਂ ਭਾਈਚਾਰਿਆਂ ਨਾਲ ਸੰਬੰਧਤ ਜੇਕਰ ਕੋਈ ਮਾਮਲਾ ਲੰਬਿਤ ਪਿਆ ਹੈ ਤਾਂ ਉਸ ਨੂੰ ਤੁਰੰਤ ਨਿਬੇੜਿਆ ਜਾਵੇ। ਸਮੂਹ ਅਧਿਕਾਰੀਆਂ ਨੇ ਮੀਟਿੰਗ ਵਿੱਚ ਵਿਚਾਰੇ ਮੁੱਦਿਆਂ ‘ਤੇ ਤੁਰੰਤ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨ ਦੇ ਮੈਂਬਰ ਤਹਿਸੀਨ ਅਹਿਮਦ, ਸ੍ਰੀ ਸੰਜੀਵ ਜੈਨ, ਸ੍ਰੀ ਅਲਬਰਟ ਦੂਆ, ਸ੍ਰੀ ਅਬਦੁੱਲ ਸ਼ਕੂਰ ਮਾਂਗਟ, ਕਈ ਪਾਸਟਰ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


LEAVE A REPLY