ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਗੈਸ ਦੀ ਕਾਲਾਬਾਜ਼ਾਰੀ ਦੇ ਅੱਡੇ ਤੇ ਕੀਤੀ ਛਾਪੇਮਾਰੀ


Gas Cylinder

ਲੁਧਿਆਣਾ – ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਪਵਨ ਕੁਮਾਰ ਨੇ ਇਲਾਕਾ ਸ਼ਿਮਲਾਪੁਰੀ ਚ ਗੈਸ ਦੀ ਕਾਲਾਬਾਜ਼ਾਰੀ ਦੇ ਅੱਡੇ ਤੇ ਛਾਪਾ ਮਾਰ ਕੇ ਮੌਕੇ ਤੇ 2 ਘਰੇਲੂ ਗੈਸ ਸਿਲੰਡਰਾਂ ਸਮੇਤ ਗੈਸ ਦੀ ਪਲਟੀ ਮਾਰਨ ਲਈ ਵਰਤੇ ਜਾ ਰਹੇ ਯੰਤਰ ਅਤੇ ਇਲੈਕਟ੍ਰੋਨਿਕ ਤੋਲ ਕੰਡਾ ਆਪਣੇ ਕਬਜ਼ੇ ਚ ਲਿਆ ਹੈ। ਇਸ ਸਬੰਧੀ ਵਿਭਾਗੀ ਇੰਸਪੈਕਟਰ ਪਵਨ ਕੁਮਾਰ ਦੀ ਸ਼ਿਕਾਇਤ ਤੇ ਥਾਣਾ ਡਾਬਾ ਦੀ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਦੌਰਾਨ ਮੌਕੇ ਤੇ ਖਡ਼੍ਹਾ ਦੋਸ਼ੀ ਬਡ਼ੇ ਹੀ ਨਾਟਕੀ ਢੰਗ ਨਾਲ ਪੁਲਸ ਅਤੇ ਖੁਰਾਕ ਵਿਭਾਗ ਦੇ ਇੰਸ. ਪਵਨ ਕੁਮਾਰ ਦੀਆਂ ਅੱਖਾਂ ਚ ਘੱਟਾ ਪਾਉਂਦੇ ਹੋਏ ਨਾਟਕੀ ਢੰਗ ਨਾਲ ਫਰਾਰ ਹੋ ਗਿਆ। ਚਸ਼ਮਦੀਦ ਸੂਤਰਾਂ ਦੀ ਮੰਨੀਏ ਤਾਂ ਜਦੋਂ ਪੁਲਸ ਅਤੇ ਵਿਭਾਗੀ ਇੰਸਪੈਕਟਰ ਵਲੋਂ ਦੋਸ਼ੀ ਦੇ ਟਿਕਾਣੇ ਤੇ ਕਾਰਵਾਈ ਕੀਤੀ ਗਈ ਤਾਂ ਉਸ ਸਮੇਂ ਉਹ ਆਟੋ ਰਿਕਸ਼ਾ ਚ ਘਰੇਲੂ ਗੈਸ ਸਿਲੰਡਰ ਤੋਂ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰਨ ਦੇ ਕੰਮ ਨੂੰ ਅੰਜਾਮ ਦੇ ਰਿਹਾ ਸੀ। ਦੋਸ਼ੀ ਨੇ ਛਾਪਾ ਮਾਰ ਕੇ ਟੀਮ ਨੂੰ ਦੇਖਦੇ ਹੀ ਆਪਣੇ ਆਪ ਨੂੰ ਸਧਾਰਣ ਵਿਅਕਤੀ ਦੱਸਦੇ ਹੋਏ ਕਿਹਾ ਕਿ ਉਹ ਤਾਂ ਗੈਸ ਪਲਟੀ ਦੇ ਅੱਡੇ ਤੇ ਹੀ ਖਡ਼੍ਹਾ ਹੋਇਆ ਹੈ।

ਦੋਸ਼ੀ ਨੇ ਛਾਪੇਮਾਰੀ ਟੀਮ ਨੂੰ ਕਿਹਾ ਕਿ ਉਹ ਹੁਣੇ ਜਾ ਕੇ ਦੁਕਾਨ ਦੇ ਮਾਲਕ ਨੂੰ ਬੁਲਾ ਕੇ ਇਥੇ ਲਿਆਉਂਦਾ ਹੈ ਅਤੇ ਇਸ ਤਰ੍ਹਾਂ ਦੋਸ਼ੀ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਿਆ ਅਤੇ ਪੁਲਸ ਹੱਥ ਮਲਦੀ ਰਹਿ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਏ. ਐੱਫ. ਐੱਸ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਅੱਜ ਦੀ ਕੀਤੀ ਗਈ ਕਾਰਵਾਈ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਡਾਬਾ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ ਹੈ ਅਤੇ ਦੋਸ਼ੀ ਖਿਲਾਫ ਪੁਲਸੀਆ ਕਾਰਵਾਈ ਦੇ ਨਾਲ ਹੀ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।


LEAVE A REPLY