ਲੁਧਿਆਣਾ ਦੇ ਪਿੰਡ ਜਰਖੜ ਚ ਮਿੰਨੀ ਓਲੰਪਿਕ 25 ਤੋਂ, ਵਿਦੇਸ਼ੀ ਟੀਮਾਂ ਵੀ ਲੈਣਗੀਆਂ ਹਿੱਸਾ


mini olympics

ਲੁਧਿਆਣਾ – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ, ਪਿੰਡ ਜਰਖੜ ਵੱਲੋਂ 25 ਤੋਂ 27 ਜਨਵਰੀ ਤੱਕ 32ਵੀਆਂ ਜਰਖੜ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ 5 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿੱਚ ਹੋਣਗੀਆਂ। ਇਸ ਨੂੰ ਮਾਡਰਨ ਪੇਂਡੂ ਮਿੰਨੀ ਓਲੰਪਿਕ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਾਰ ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ, ਕੁਸ਼ਤੀਆਂ ਆਦਿ ਸਮੇਤ ਹੋਰ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ।

ਜਾਣਕਾਰੀ ਮੁਤਾਬਕ ਕੋਕਾ-ਕੋਲਾ ਅਤੇ ਏਵਨ ਸਾਈਕਲ ਕੰਪਨੀ ਮੁੱਖ ਤੌਰ ਤੇ ਖੇਡਾਂ ਸਪਾਂਸਰ ਕਰ ਰਹੇ ਹਨ। ਏਵਨ ਸਾਈਕਲ ਕੰਪਨੀ ਜੇਤੂ ਖਿਡਾਰੀਆਂ ਅਤੇ ਲੋੜਵੰਦ ਬੱਚਿਆਂ ਲਈ 100 ਸਾਈਕਲ ਦਏਗੀ। ਇਸ ਤੋਂ ਇਲਾਵਾ ਵਾਲੀਬਾਲ, ਸ਼ੂਟਿੰਗ ਦੀਆਂ ਪਹਿਲੀਆਂ ਚਾਰ ਜੇਤੂ ਟੀਮਾਂ ਨੂੰ ਵੀ ਏਵਨ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਹਾਕੀ ਟਰੱਸਟ ਵੱਲੋਂ ਸਪਾਂਸਰ ਕੀਤੇ ਜਾਣਗੇ। ਹਾਕੀ ਵਿੱਚ 25 ਦੇ ਕਰੀਬ ਵੱਖ-ਵੱਖ ਵਰਗਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਿੰਨ੍ਹਾਂ ‘ਚ 2 ਵਿਦੇਸ਼ੀ ਟੀਮਾਂ ਫੇਅਰਫੀਲਡ ਹਾਕੀ ਕਲੱਬ, ਅਮਰੀਕਾ ਤੇ ਫਰਿਜ਼ਨੋ ਹਾਕੀ ਫੀਲਡ ਕਲੱਬ, ਕੈਲੇਫੋਰਨੀਆ ਵੀ ਹਿੱਸਾ ਲੈਣਗੀਆਂ।

ਹਾਕੀ ਤੇ ਕਬੱਡੀ ਤੋਂ ਇਲਾਵਾ ਬਾਸਕਟਬਾਲ, ਕੁਸ਼ਤੀਆਂ ਆਦਿ ਖੇਡਾਂ ਕਰਾਉਣ ਬਾਰੇ ਵਿਚਾਰ ਕੀਤੀ ਗਈ ਹੈ। ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਜਿਸ ‘ਚ ਓਲੰਪਿਕ ਖੇਡ ਮਸ਼ਾਲ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਖਿਡਾਰੀਆਂ ਦੇ ਕਾਫਲੇ ਦੇ ਰੂਪ ‘ਚ ਜਰਖੜ ਖੇਡ ਸਟੇਡੀਅਮ ‘ਚ ਪੁੱਜੇਗੀ। ਇੱਥੇ ਵੱਖ-ਵੱਖ ਟੀਮਾਂ ਦਾ ਮਾਰਚ ਪਾਸਟ, ਸੱਭਿਆਚਾਰਕ ਪ੍ਰੋਗਰਾਮ, ਸਕੂਲੀ ਅਤੇ ਕਾਲਜ ਪੱਧਰ ਦੇ ਸੱਭਿਆਚਾਰਕ ਮੁਕਾਬਲੇ ਗਿੱਧਾ, ਭੰਗੜਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਜਾਏਗਾ। ਫਾਈਨਲ ਮੁਕਾਬਲੇ ਵਾਲੇ ਦਿਨ 6 ਸਮਾਜਸੇਵੀ ਸ਼ਖ਼ਸੀਅਤਾਂ ਦੇ ਸਨਮਾਨ ਕਰਨ ਦੇ ਇਲਾਵਾ ਲੋਕ ਗਾਇਕ ਅਮਰਿੰਦਰ ਗਿੱਲ, ਗਿੱਲ ਹਰਦੀਪ ਤੇ ਰਾਜਵੀਰ ਜਵੰਧਾ ਦਾ ਖੁੱਲ੍ਹਾ ਅਖਾੜਾ ਲਾਉਣ ਬਾਰੇ ਵੀ ਵਿਚਾਰ ਹੋਈ ਹੈ।

 


LEAVE A REPLY