ਪੰਜਾਬ ਸਰਕਾਰ ਦੇ ਅਫ਼ਸਰਾਂ ਦਾ ਕਾਰਾ – ਕਰਜ਼ਾ ਮੁਆਫ਼ੀ ਦੀ ਲਿਸਟ ਚ 13 ਜਿਉਂਦੇ ਕਿਸਾਨਾਂ ਨੂੰ ਐਲਾਨਿਆ ਮ੍ਰਿਤਕ, ਕਿਸਾਨਾਂ ਚ ਰੋਸ਼


 

farmer

ਉਂਝ ਤਾਂ ਕੈਪਟਨ ਸਰਕਾਰ ਨੇ ਪੰਜ ਏਕੜ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਪਿੰਡ ਬਡਬਰ ਦੇ ਕਈ ਕਿਸਾਨਾਂ ਦਾ ਕਰਜ਼ਾ ਹਾਲੇ ਤਕ ਮੁਆਫ਼ ਨਹੀਂ ਹੋਇਆ। ਹੱਦ ਤਾਂ ਉਦੋਂ ਹੋ ਗਈ ਜਦੋਂ ਕਰਜ਼ ਮੁਆਫੀ ਦੀ ਜਾਰੀ ਕੀਤੀ ਗਈ ਲਿਸਟ ਵਿੱਚ 13 ਜਿਉਂਦੇ ਕਰਜ਼ਦਾਰ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਕਿਸਾਨ ਆਪਣੇ-ਆਪ ਨੂੰ ਜਿਉਂਦੇ ਸਾਬਤ ਕਰਨ ਲਈ ਸੰਘਰਸ਼ ਕਰ ਰਹੇ ਹਨ।

ਬਰਨਾਲਾ ਦੇ ਪਿੰਡ ਬਡਬਰ ਦੇ ਕਿਸਾਨ ਗੁਰਮੁਖ ਸਿੰਘ 4 ਏਕੜ ਦੀ ਜ਼ਮੀਨ ‘ਤੇ ਖੇਤੀ ਕਰਦੇ ਹਨ ਤੇ 46 ਹਜ਼ਾਰ ਰੁਪਏ ਦੇ ਕਰਜ਼ਦਾਰ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਅਧੀਨ ਉਨ੍ਹਾਂ ਵੀ ਅਰਜ਼ੀ ਦਿੱਤੀ ਸੀ। ਕਰਜ਼ ਮੁਆਫ਼ੀ ਦੀ ਜਾਰੀ ਲਿਸਟ ਵਿੱਚ ਉਨ੍ਹਾਂ ਮ੍ਰਿਤਕ ਲਿਖਿਆ ਗਿਆ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪਿੰਡ ਦੇ ਕਈ ਧਨਾਢ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋ ਰਹੇ ਹਨ। ਇੱਕ ਤੋਂ ਪੰਜ ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਹੋ ਰਿਹਾ।

ਇਸੇ ਪਿੰਡ ਦੇ ਇੱਕ ਹੋਰ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ 4 ਏਕੜ ਜ਼ਮੀਨ ਦੇ ਮਾਲਕ ਹਨ ਤੇ ਉਨ੍ਹਾਂ ਨੇ 55 ਹਜ਼ਾਰ ਦਾ ਕਰਜ਼ਾ ਦੇਣਾ ਹੈ। ਉਨ੍ਹਾਂ ਨੂੰ ਵੀ ਕਰਜ਼ਾ ਮੁਆਫ਼ੀ ਦੀ ਲਿਸਟ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਕੋਆਪਰੇਟ ਸੁਸਾਇਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਆਪਣੇ ਜਿਉਂਦੇ ਹੋਣ ਦੇ ਸਬੂਤ ਪੇਸ਼ ਕੀਤੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਇਸ ਪੂਰੇ ਮਾਮਲੇ ਸਬੰਧੀ ਐਸਡੀਐਮ ਬਰਨਾਲਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਗਈ ਹੈ। ਇਸ ਵਿੱਚ ਸਾਹਮਣੇ ਆਇਆ ਹੈ ਕਿ ਕਿਸਾਨਾਂ ਨੇ ਆਪਣੇ ਆਧਾਰ ਕਾਰਡ ਜਮ੍ਹਾ ਨਹੀਂ ਕਰਵਾਏ ਸੀ। ਇਸ ਕਰਕੇ ਬੈਂਕ ਅਧਿਕਾਰੀਆਂ ਨੇ ਉਕਤ 13 ਕਿਸਾਨਾਂ ਨੂੰ ਮ੍ਰਿਤਕ ਲਿਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਕਰਨ ਵਾਲੇ ਮੁਲਾਜ਼ਮਾਂ ‘ਤੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਏਗੀ ਤੇ ਕਿਸਾਨਾਂ ਦੇ ਬਣਦੇ ਕਰਜ਼ੇ ਮੁਆਫ਼ ਕੀਤੇ ਜਾਣਗੇ।


LEAVE A REPLY