ਮਿਸ਼ਨ ਤੰਦਰੁਸਤ ਪੰਜਾਬ- ਸਿਹਤ ਵਿਭਾਗ ਵੱਲੋਂ ਹੁਣ ਤੱਕ ਵੱਖ-ਵੱਖ ਖਾਧ ਪਦਾਰਥਾਂ ਦੇ 135 ਨਮੂਨੇ ਲਏ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਲੁਧਿਆਣਾ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਰਸਾਇਣ ਰਹਿਤ ਭੋਜਨ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਜਾਰੀ ਹਨ। ਭੋਜਨ ਵਿੱਚ ਮਿਲਾਵਟ ਅਤੇ ਫ਼ਲਾਂ ਸਬਜ਼ੀਆਂ ਨੂੰ ਰਸਾਇਣਾਂ ਨਾਲ ਪਕਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਸਿਹਤ ਵਿਭਾਗ ਵੱਲੋਂ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਹੁਣ ਖਾਧ ਪਦਾਰਥ ਵਿਕਰੇਤਾਵਾਂ ਵੱਲੋਂ ਵੇਚੇ ਜਾਂਦੇ ਸਮਾਨ ਦੀ ਰੋਜ਼ਾਨਾ ਜਾਂਚ ਕੀਤੀ ਜਾਵੇਗੀ ਅਤੇ ਰੋਜ਼ਾਨਾ ਹੀ ਨਮੂਨੇ (ਸੈਂਪਲ) ਲਏ ਜਾਣਗੇ। ਜ਼ਿਲਾ ਸਿਹਤ ਅਫ਼ਸਰ ਡਾ. ਅੰਦੇਸ਼ ਕੰਗ ਨੇ ਮਿਤੀ 5 ਜੂਨ, 2019 ਤੱਕ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵੇਰਵਾ ਜਾਰੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਕਮਰ ਕੱਸ ਲਈ ਹੈ।ਉਨਾਂ ਕਿਹਾ ਕਿ ਇਨਾਂ ਗਤੀਵਿਧੀਆਂ ਵਿੱਚ ਖਾਧ ਪਦਾਰਥਾਂ ਦੀ ਜਾਂਚ ਅਤੇ ਉਨਾਂ ਦੇ ਨਮੂਨੇ ਲੈਣਾ ਸ਼ਾਮਿਲ ਹੋਵੇਗਾ। ਇਸ ਤੋਂ ਇਲਾਵਾ ਹਰੇਕ ਕਾਰਵਾਈ ਦੌਰਾਨ ਵਿਕਰੇਤਾਵਾਂ ਨੂੰ ਜਾਗਰੂਕ ਕਰਨਾ ਵੀ ਜਾਰੀ ਰਹੇਗਾ। ਉਨਾਂ ਕਿਹਾ ਕਿ ਪਹਿਲਾਂ ਦੁਕਾਨਦਾਰ ਉਸ ਦਿਨ ਆਪਣਾ ਕਾਰੋਬਾਰ ਬੰਦ ਕਰ ਦਿੰਦੇ ਸਨ, ਜਿਸ ਦਿਨ ਉਨਾਂ ਨੂੰ ਜਾਂਚ ਜਾਂ ਨਮੂਨੇ ਲੈਣ ਦੀ ਭਿਣਕ ਪੈ ਜਾਂਦੀ ਸੀ ਪਰ ਹੁਣ ਉਨਾਂ ਨੂੰ ਰੋਜ਼ਾਨਾ ਜਾਂਚ ਦਾ ਡਰ ਰਹੇਗਾ, ਜਿਸਦੇ ਨਤੀਜੇ ਵਜੋਂ ਉਹ ਇਸ ਕੰਮ ਤੋਂ ਪਾਸੇ ਹਟਣ ਲਈ ਮਜਬੂਰ ਹੋਣਗੇ।

ਉਨਾਂ ਕਿਹਾ ਕਿ ਵਿਭਾਗ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਤਹਿਤ ਦੁੱਧ ਅਤੇ ਦੁੱਧ ਨਾਲ ਤਿਆਰ ਪਦਾਰਥਾਂ, ਫ਼ਲਾਂ, ਬਰਫ਼, ਪਾਨ ਮਸਾਲਾ, ਕਾਰਬੋਨੇਟਡ ਪਾਣੀ, ਪੈਕਡ ਪੀਣ ਵਾਲੇ ਪਾਣੀ, ਚੱਟਣੀ, ਕਰਿਆਨਾ, ਬੇਕਰੀ ਅਤੇ ਹੋਰ ਪਦਾਰਥਾਂ ਦੇ 135 ਨਮੂਨੇ ਲੈ ਕੇ ਜਾਂਚ ਲਈ ਖਰੜ ਸਥਿਤ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਗਏ ਹਨ। ਜਾਂਚ ਰਿਪੋਰਟ ਆਉਣ ‘ਤੇ ਮਿਲਾਵਟ ਕਰਨ ਵਾਲੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਤੋਂ ਇਲਾਵਾ ਜੋ ਫ਼ਲ, ਸਬਜ਼ੀਆਂ ਅਤੇ ਹੋਰ ਪਦਾਰਥ ਸਿੱਧੇ ਤੌਰ ‘ਤੇ ਮਿਲਾਵਟੀ ਜਾਂ ਰਸਾਇਣਾਂ ਨਾਲ ਤਿਆਰ ਪਾਏ ਜਾਂਦੇ ਹਨ, ਉਨਾਂ ਨੂੰ ਤੁਰੰਤ ਮੌਕੇ ‘ਤੇ ਨਸ਼ਟ ਕੀਤਾ ਜਾਂਦਾ ਹੈ। ਮੁਹਿੰਮ ਦੌਰਾਨ 7 ਕੁਇੰਟਲ ਦੇ ਕਰੀਬ ਫ਼ਲ, ਸਬਜ਼ੀਆਂ ਅਤੇ ਹੋਰ ਪਦਾਰਥ ਨਸ਼ਟ ਕੀਤੇ ਗਏ ਹਨ। ਇਨਾਂ ਵਿੱਚ ਚਾਰ ਕੁਇੰਟਲ ਗੋਭੀ, ਡੇਢ ਕੁਇੰਟਲ ਪਪੀਤਾ, 50 ਕਿਲੋ ਅੰਬ, 20 ਕਿਲੋ ਕੇਲੇ, 40 ਕਿਲੋ ਟਮਾਟਰ, 40 ਕਿਲੋ ਮਿਕਸ ਫਰੂਟ, ਬੇਕਰੀ ਵਿੱਚ ਵਰਤੇ ਜਾਣ ਵਾਲੇ ਰੰਗ, ਭੂਰੀ ਸ਼ੱਕਰ ਆਦਿ ਸ਼ਾਮਿਲ ਹੈ।ਉਨਾਂ ਕਿਹਾ ਕਿ ਉਨਾਂ ਦੇ ਵਿਭਾਗ ਵੱਲੋਂ ਖਾਧ ਪਦਾਰਥਾਂ ਦੇ ਨਮੂਨੇ ਲੈਣ ਅਤੇ ਰਸਾਇਣਾਂ ਨਾਲ ਤਿਆਰ ਕੀਤੇ ਖਾਧ ਪਦਾਰਥਾਂ ਨੂੰ ਨਸ਼ਟ ਕਰਨ ਤੋਂ ਇਲਾਵਾ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਮਿਲਾਵਟਖੋਰੀ ਅਤੇ ਫ਼ਲਾਂ ਸਬਜ਼ੀਆਂ ਨੂੰ ਰਸਾਇਣਾਂ ਨਾਲ ਨਾ ਪਕਾਉਣ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ।

ਡਾ. ਕੰਗ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਅਤੇ ਰਸਾਇਣਾਂ ਤੋਂ ਰਹਿਤ ਸ਼ੁੱਧ ਭੋਜਨ ਯਕੀਨਨ ਤੌਰ ‘ਤੇ ਮੁਹੱਈਆ ਹੋ ਸਕੇ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਖਾਧ ਪਦਾਰਥ ਲੈਣ ਤੋਂ ਪਹਿਲਾਂ ਪਦਾਰਥਾਂ ਦੀ ਜਾਂਚ ਜ਼ਰੂਰੀ ਤੌਰ ‘ਤੇ ਕਰ ਲੈਣ। ਸ਼ੱਕ ਪੈਣ ‘ਤੇ ਉਹ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਗਲਤ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇ।

  • 1
    Share

LEAVE A REPLY