ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ 74 ਕਰੋੜ ਦੀ ਹੈਰੋਇਨ ਨਾਲ ਸਾਬਕਾ ਫ਼ੌਜੀ ਸਣੇ 4 ਕੀਤੇ ਗ੍ਰਿਫ਼ਤਾਰ


ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ 5 ਵਿਅਕਤੀਆਂ ਨੂੰ ਪੌਣੇ ਪੰਦਰਾਂ ਕਿੱਲੋ ਹੈਰੋਇਨ ਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤਸਕਰਾਂ ‘ਚ ਬੀਐਸਐਫ ਦੇ ਕਾਂਸਟੇਬਲ ਤੋਂ ਇਲਾਵਾ ਸੇਵਾਮੁਕਤ ਫੌਜੀ ਵੀ ਸ਼ਾਮਿਲ ਹੈ। ਸੂਬੇ ਦੇ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਸਮਗਲਰ ਪਾਕਿਸਤਾਨ ਤੋਂ ਰਮਦਾਸ ਸੈਕਟਰ ਰਾਹੀਂ ਹੈਰੋਇਨ ਦੀ ਤਸਕਰੀ ਕਰਦੇ ਹਨ। ਜਾਂਚ ਦੌਰਾਨ ਪੁਲਿਸ ਨੇ ਚਾਰ ਜਾਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ‘ਚ ਸੇਵਾਮੁਕਤ ਫ਼ੌਜੀ ਤਰਵਿੰਦਰ ਸਿੰਘ, ਸੁਖਰਾਜ ਸਿੰਘ, ਗੁਰਲਾਲ ਸਿੰਘ ਤੇ ਸਰਬਜੀਤ ਸਿੰਘ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਤੋਂ 14 ਕਿੱਲੋ 800 ਗ੍ਰਾਮ ਹੈਰਇਨ ਤੇ ਇੱਕ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰ-ਰਾਸ਼ਟਰੀ ਬਜ਼ਾਰ ‘ਚ ਕੀਮਤ 74 ਕਰੋੜ ਦੱਸੀ ਜਾ ਰਹੀ ਹੈ।

ਪੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ 29-30 ਜੂਨ ਦੀ ਰਾਤ ਉਨ੍ਹਾਂ ਇਸ ਤਸਕਰੀ ਨੂੰ ਅੰਜਾਮ ਦਿੱਤਾ ਇਸ ਦੌਰਾਨ ਡਿਊਟੀ ‘ਤੇ ਤੈਨਾਤ ਬੀਐਸਐਫ ਕਾਂਸਟੇਬਲ ਚੇਂਨਥਿਲਰਾਜ ਕਾਨਾਗਰਾਜ ਨੇ ਵੀ ਉਨ੍ਹਾਂ ਦਾ ਇਸ ਤਸਕਰੀ ‘ਚ ਸਾਥ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਤਰਵਿੰਦਰ ਸਿੰਘ, ਬਿਕਰਮਜੀਤ ਸਿੰਘ ਤੇ ਚੇਂਨਥਿਲਰਾਜ ਕਾਨਾਗਰਾਜ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ‘ਚ ਸਨ। ਮੁਲਜ਼ਮਾਂ ਨੇ ਦੱਸਿਆ ਕਿ ਇਹ ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਐਪਸ ਜ਼ਰੀਏ ਪਾਕਿਸਤਾਨੀ ਤਸਕਰਾਂ ਤੇ ਆਪਣੇ ਹੋਰ ਸਾਥੀਆਂ ਨਾਲ ਸੰਪਰਕ ਬਣਾਉਂਦੇ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮ ਬਿਕਰਮਜੀਤ ਸਿੰਘ ਸਾਲ 2017 ‘ਚ ਵੀ ਨਸ਼ਾ ਤਸਕਰੀ ‘ਚ ਜੇਲ੍ਹ ਜਾ ਚੁੱਕਾ ਹੈ ਤੇ ਜ਼ਮਾਨਤ ਤੇ ਬਾਹਰ ਹੈ।


LEAVE A REPLY