ਪੰਚਾਇਤ ਚੋਣਾਂ-2018 ਲਈ ਜ਼ਿਲ੍ਹਾ ਲੁਧਿਆਣਾ ਵਿੱਚ 156 ਪੋਲਿੰਗ ਬੂਥ ਅਤਿ-ਸੰਵੇਦਨਸ਼ੀਲ ਅਤੇ 324 ਸੰਵੇਦਨਸ਼ੀਲ ਐਲਾਨੇ


Ludhiana DC Pardeep Agarwal
ਲੁਧਿਆਣਾ – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਚਾਇਤ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਲੁਧਿਆਣਾ ਵਿੱਚ 156 ਪੋਲਿੰਗ ਬੂਥ ਅਤਿ-ਸੰਵੇਦਨਸ਼ੀਲ ਅਤੇ 324 ਸੰਵੇਦਨਸ਼ੀਲ ਐਲਾਨੇ ਗਏ ਹਨ। ਜ਼ਿਲ੍ਹੇ ਵਿੱਚ ਚੁਣੀਆਂ ਜਾਣ ਵਾਲੀਆਂ 941 ਪੰਚਾਇਤਾਂ ਵਿੱਚੋਂ ਜਿੱਥੇ 192 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ, ਉਥੇ ਹੀ 226 ਸਰਪੰਚ ਅਤੇ 3059 ਪੰਚ ਵੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ।

ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਬਲਾਕ ਡੇਹਲੋਂ ਵਿੱਚ 20 ਪੋਲਿੰਗ ਬੂਥ ਅਤਿ-ਸੰਵੇਦਨਸ਼ੀਲ ਅਤੇ 25 ਸੰਵੇਦਨਸ਼ੀਲ ਐਲਾਨੇ ਗਏ ਹਨ। ਇਸੇ ਤਰ੍ਹਾਂ ਬਲਾਕ ਦੋਰਾਹਾ ਵਿੱਚ 14 ਅਤਿ-ਸੰਵੇਦਨਸ਼ੀਲ ਅਤੇ 25 ਸੰਵੇਦਨਸ਼ੀਲ, ਬਲਾਕ ਜਗਰਾਂਉ ਵਿੱਚ 5 ਅਤਿ-ਸੰਵੇਦਨਸ਼ੀਲ ਅਤੇ 20 ਸੰਵੇਦਨਸ਼ੀਲ, ਬਲਾਕ ਖੰਨਾ ਵਿੱਚ 7 ਅਤਿ-ਸੰਵੇਦਨਸ਼ੀਲ ਅਤੇ 28 ਸੰਵੇਦਨਸ਼ੀਲ, ਬਲਾਕ ਲੁਧਿਆਣਾ-1 ਵਿੱਚ 35 ਅਤਿ-ਸੰਵੇਦਨਸ਼ੀਲ ਅਤੇ 84 ਸੰਵੇਦਨਸ਼ੀਲ, ਬਲਾਕ ਲੁਧਿਆਣਾ-2 ਵਿੱਚ 56 ਅਤਿ-ਸੰਵੇਦਨਸ਼ੀਲ ਅਤੇ 73 ਸੰਵੇਦਨਸ਼ੀਲ, ਬਲਾਕ ਮਾਛੀਵਾੜਾ ਵਿੱਚ 10 ਸੰਵੇਦਨਸ਼ੀਲ, ਬਲਾਕ ਮਲੌਦ ਵਿੱਚ 2 ਸੰਵੇਦਨਸ਼ੀਲ, ਬਲਾਕ ਪੱਖੋਵਾਲ ਵਿੱਚ 2 ਅਤਿ-ਸੰਵੇਦਨਸ਼ੀਲ ਅਤੇ 13 ਸੰਵੇਦਨਸ਼ੀਲ, ਬਲਾਕ ਰਾਏਕੋਟ ਵਿੱਚ 6 ਅਤਿ-ਸੰਵੇਦਨਸ਼ੀਲ ਅਤੇ 7 ਸੰਵੇਦਨਸ਼ੀਲ, ਬਲਾਕ ਸਮਰਾਲਾ ਵਿੱਚ 11 ਸੰਵੇਦਨਸ਼ੀਲ, ਬਲਾਕ ਸਿੱਧਵਾਂ ਬੇਟ ਵਿੱਚ 4 ਅਤਿ-ਸੰਵੇਦਨਸ਼ੀਲ ਅਤੇ 10 ਸੰਵੇਦਨਸ਼ੀਲ ਅਤੇ ਬਲਾਕ ਸੁਧਾਰ ਵਿੱਚ 7 ਅਤਿ-ਸੰਵੇਦਨਸ਼ੀਲ ਅਤੇ 16 ਸੰਵੇਦਨਸ਼ੀਲ ਐਲਾਨੇ ਗਏ ਹਨ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਵੋਟਾਂ ਮਿਤੀ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਜ਼ਿਲ੍ਹਾ ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ।

ਸ੍ਰੀ ਅਗਰਵਾਲ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਰਪੰਚੀ ਦੀਆਂ ਕੁੱਲ 941 ਸੀਟਾਂ ਹਨ, ਜਿਸ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਤ 181, ਅਨੁਸੂਚਿਤ ਜਾਤੀ (ਇਸਤਰੀ) ਨਾਲ ਸੰਬੰਧਤ 181, ਇਸਤਰੀਆਂ ਨਾਲ ਸੰਬੰਧਤ 289 ਅਤੇ ਜਨਰਲ 290 ਹਨ। ਇਸੇ ਤਰ੍ਹਾਂ ਪੰਚੀ ਲਈ ਕੁੱਲ 6391 ਸੀਟਾਂ ਹਨ, ਜਿਸ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਤ 1506, ਅਨੁਸੂਚਿਤ ਜਾਤੀ (ਇਸਤਰੀ) ਨਾਲ ਸੰਬੰਧਤ 1027, ਪੱਛੜੀਆਂ ਸ਼੍ਰੇਣੀਆਂ ਲਈ 54, ਇਸਤਰੀਆਂ ਨਾਲ ਸੰਬੰਧਤ 1699 ਅਤੇ ਜਨਰਲ 2105 ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਵੀ ਹਾਜ਼ਰ ਸਨ।


LEAVE A REPLY