ਮਹਾਰਾਸ਼ਟਰ ਚ ਭਾਰੀ ਮੀਂਹ ਤੋਂ ਬਾਅਦ ਟੁੱਟਿਆ ਡੈਮ, 2 ਮੌਤਾਂ, 23 ਲਾਪਤਾ


 

ਮਹਾਰਾਸ਼ਟਰ ਵਿੱਚ ਬਾਰਸ਼ ਦਾ ਕਹਿਰ ਜਾਰੀ ਹੈ। ਕਈ ਥਾਈਂ ਬਰਸਾਤ ਦਾ ਪਾਣੀ ਭਰ ਜਾਣ ਕਰਕੇ ਜੀਵਨ ਅਸਤ-ਵਿਅਸਤ ਹੋ ਗਿਆ ਹੈ। ਮੀਂਹ ਕਰਕੇ ਰਤਨਾਗਿਰੀ ਵਿੱਚ ਸਥਿਤ ਤਵਰੇ ਬੰਨ੍ਹ ਟੁੱਟ ਗਿਆ। ਇਸ ਬੰਨ੍ਹ ਹੇਠਾਂ ਵੱਸੇ 7 ਪਿੰਡਾਂ ‘ਚ ਹੜ੍ਹ ਆ ਗਿਆ ਹੈ। ਘਟਨਾ ਵਿੱਚ 2 ਜਣਿਆਂ ਦੀ ਮੌਤ ਹੋ ਗਈ ਜਦਕਿ ਲਗਪਗ 23 ਜਣੇ ਲਾਪਤਾ ਦੱਸੇ ਜਾ ਰਹੇ ਹਨ। ਰੈਸਕਿਊ ਟੀਮਾਂ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਬੰਨ੍ਹ ਟੁੱਟਣ ਨਾਲ ਪਾਣੀ ਦਾ ਤੇਜ਼ ਵਹਾਅ ਪਿੰਡਾਂ ਵੱਲ ਆਇਆ ਜਿਸ ਕਰਕੇ ਨੇੜਲੇ 12 ਘਰ ਵਹਿ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਸਥਾਨਕ ਪ੍ਰਸ਼ਾਸਨ, ਪੁਲਿਸ ਤੇ ਵਲੰਟੀਅਰਾਂ ਦੇ ਇਲਾਵਾ NDRF ਟੀਮ ਨੂੰ ਵੀ ਬਚਾਅ ਤੇ ਰਾਹਤ ਕਾਰਜਾਂ ਲਈ ਲਾਇਆ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਤਵਰੇ ਡੈਮ ਵਿੱਚ ਬਾਰਸ਼ ਕਰਕੇ ਪਹਿਲਾਂ ਹੀ ਪਾਣੀ ਦਾ ਪੱਧਰ ਵਧਿਆ ਹੋਇਆ ਸੀ, ਜਿਸ ਕਰਕੇ ਬੰਨ੍ਹ ਟੁੱਟ ਗਿਆ ਤੇ ਇਹ ਹਾਦਸਾ ਵਾਪਰ ਗਿਆ।

ਦੱਸ ਦੇਈਏ ਮੀਂਹ ਨਾਲ ਮੁੰਬਈ ਦੇ ਮਲਾੜ ਇਲਾਕੇ ਵਿੱਚ ਕੰਧ ਡਿੱਗਣ ਨਾਲ 21 ਜਣਿਆਂ ਦੀ ਮੌਤ ਹੋ ਗਈ ਜਦਕਿ ਮਹਾਰਾਸ਼ਟਰ ਵਿੱਚ ਬਾਰਸ਼ ਕਰਕੇ ਹੋਈਆਂ ਘਟਨਾਵਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ।


LEAVE A REPLY