ਦਰਦਨਾਕ ਸੜਕ ਹਾਦਸਿਆਂ ਚ ਦੋ ਦੀਆਂ ਮੌਤਾਂ


2 Die in Road accident

road

ਦੇਰ ਸ਼ਾਮ ਦੋ ਵੱਖ-ਵੱਖ ਹਾਦਸਿਆਂ ‘ਚ ਇਕ ਅਧਖੜ ਉਮਰ ਦੇ ਵਿਅਕਤੀ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ। ਅਧਖੜ ਉਮਰ ਦੇ ਵਿਅਕਤੀ ਦੀ ਮੌਤ ਉਦੋਂ ਹੋਈ ਜਦੋਂ ਦੁੱਗਰੀ ਥਾਣੇ ਕੋਲ ਉਸ ਦੀ ਐਕਟਿਵਾ ਅਤੇ ਤੇਜ਼ ਰਫਤਾਰ ਟਰੱਕ ਦੀ ਸਿੱਧੀ ਟੱਕਰ ਹੋ ਗਈ, ਜਦੋਂਕਿ ਨੌਜਵਾਨ ਦੀ ਮੌਤ ਉਦੋਂ ਹੋਈ ਜਦੋਂ ਉਸ ਦਾ ਮੋਟਰਸਾਈਕਲ ਗਿੱਲ ਰੋਡ ‘ਤੇ ਨਗਰ ਨਿਗਮ ਦੇ ਖੜ੍ਹੇ ਪੰਕਚਰ ਟਰੱਕ ਜਾ ਵੱਜਾ।
ਦੁੱਗਰੀ ਵਿਚ ਹੋਏ ਪਹਿਲੇ ਹਾਦਸੇ ‘ਚ ਮਰਨ ਵਾਲੇ ਦੀ ਪਛਾਣ 55 ਸਾਲਾ ਜਸਪਾਲ ਸਿੰਘ ਨਿਵਾਸੀ ਬਸੰਤ ਐਵੀਨਿਊ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਜੋਗਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਜਦੋਂਕਿ ਟਰੱਕ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਬਠਿੰਡਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਜਸਪਾਲ ਸਿੰਘ ਰੇਲਵੇ ਵਿਭਾਗ ਵਿਚ ਨੌਕਰੀ ਕਰਦਾ ਸੀ। ਸ਼ਾਮ ਉਹ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ ਕਿ ਦੁੱਗਰੀ ਮੁੱਖ ਰਸਤੇ ‘ਤੇ ਜਦੋਂ ਉਹ ਪੁੱਜਾ ਤਾਂ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਨੂੰ ਦੇਖ ਕੇ ਲੋਕਾਂ ਨੇ ਟਰੱਕ ਨੂੰ ਘੇਰ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜਸਪਾਲ ਦੀ ਪਤਨੀ ਦੇ ਬਿਆਨ ‘ਤੇ ਪੁਲਸ ਨੇ ਦੋਸ਼ੀ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਦੂਸਰੇ ਹਾਦਸੇ ‘ਚ ਮਰਨ ਵਾਲੇ ਨੌਜਵਾਨ ਦੀ ਪਛਾਣ ਪ੍ਰਭਾਤ ਨਗਰ ਦੇ 25 ਸਾਲਾ ਕੁਲਵੀਰ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਗਿੱਲ ਚੌਕ ਫਲਾਈਓਵਰ ਕੋਲ ਹੋਇਆ ਹੈ। ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਸ ਮੌਕੇ ‘ਤੇ ਪੁੱਜੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਉਸ ਤੋਂ ਬਾਅਦ ਨਿਗਮ ਦੇ ਟਰੱਕ ਚਾਲਕ ਨੂੰ ਮੌਕੇ ‘ਤੇ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਦਾ ਕੂੜਾ ਕਰਕਟ ਚੁੱਕਣ ਵਾਲ ਟਿੱਪਰ ਪੰਕਚਰ ਹੋ ਗਿਆ ਸੀ, ਜਿਸ ਕਾਰਨ ਚਾਲਕ ਟਿੱਪਰ ਉਥੇ ਛੱਡ ਕੇ ਆਪਣੇ ਘਰ ਚਲਾ ਗਿਆ। ਲੋਕਾਂ ਮੁਤਾਬਿਕ ਟਿੱਪਰ ‘ਤੇ ਨਾ ਤਾਂ ਨੰਬਰ ਪਲੇਟ ਸਾਫ ਸੀ ਅਤੇ ਨਾ ਹੀ ਰਿਫਲੈਕਟਰ ਲੱਗੇ ਹੋਏ ਸਨ। ਇਸ ਤੋਂ ਇਲਾਵਾ ਉਹ ਸੜਕ ਦੇ ਵਿਚਕਾਰ ਖੜ੍ਹਾ ਕੀਤਾ ਹੋਇਆ ਸੀ, ਜਿਸ ਕਾਰਨ ਕੁਲਵੀਰ ਜਦੋਂ ਕੰਮ ਤੋਂ ਵਾਪਸ ਘਰ ਜਾਣ ਲੱਗਾ ਉਸ ਦਾ ਮੋਟਰਸਾਈਕਲ ਸਿੱਧਾ ਖੜ੍ਹੇ ਟਿੱਪਰ ਨਾਲ ਜਾ ਟਕਰਾਇਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਜਿਥੇ ਲੰਬਾ ਜਾਮ ਲੱਗ ਗਿਆ, ਉਥੇ ਲੋਕਾਂ ਨੇ ਨਗਰ ਨਿਗਮ ‘ਤੇ ਭੜਾਸ ਕੱਢਦੇ ਹੋਏ ਦੋਸ਼ ਲਾਇਆ ਕਿ ਨਿਗਮ ਦੀ ਡਿਊਟੀ ਹੈ ਕਿ ਉਹ ਸਟਰੀਟ ਲਾਈਟਾਂ ਠੀਕ ਕਰਵਾਵੇ ਅਤੇ ਸੜਕਾਂ ‘ਤੇ ਰਿਫਲੈਕਟਰ ਲਗਵਾਏ, ਟ੍ਰੈਫਿਕ ਲਾਈਟਾਂ ਨੂੰ ਰਿਪੇਅਰ ਕਰਨਾ ਵੀ ਇਸ ਦੀ ਡਿਊਟੀ ਹੈ ਪਰ ਨਿਗਮ ਦੇ ਇਨ੍ਹਾਂ ਟਿੱਪਰਾਂ ‘ਤੇ ਕੋਈ ਵੀ ਰਿਫਲੈਕਟਰ ਤੱਕ ਨਹੀਂ ਸੀ। ਇਸ ਨਾਲੋਂ ਵੀ ਵੱਡੀ ਲਾਪ੍ਰਵਾਹੀ ਇਹ ਸੀ ਕਿ ਜੇਕਰ ਟਿੱਪਰ ਪੰਕਚਰ ਹੋ ਗਿਆ ਸੀ ਤਾਂ ਪਾਰਕਿੰਗ ਲਾਈਟਾਂ ਜਗਾ ਦਿੱਤੀਆਂ ਜਾਂਦੀਆਂ ਪਰ ਟਿੱਪਰ ਵਿਚ ਤਾਂ ਲਾਈਟਾਂ ਤੱਕ ਨਹੀਂ ਸਨ। ਲੋਕਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਉਪਦੇਸ਼ ਦੇਣ ਦੀ ਬਜਾਏ ਉਹ ਪਹਿਲਾਂ ਆਪਣੇ ਵਾਹਨਾਂ ਦੀ ਹਾਲਤ ‘ਚ ਸੁਧਾਰ ਕਰੇ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ।

2 Die in Road accident


LEAVE A REPLY