ਪੁਲਿਸ ਸਾਮਣੇ ਗੈਂਗਸਟਰ ਦਿਲਪ੍ਰੀਤ ਦੇ ਕੀਤੇ ਖੁਲਾਸੇ ਮਗਰੋਂ ਕਸੂਤਾ ਫਸਿਆ ਗਾਇਕ ਪਰਮੀਸ਼ ਵਰਮਾ


Gangster Dilpreet vs Singer Parmish Verma

ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਗ੍ਰਿਫਤਾਰੀ ਨਾਲ ਗਾਇਕ ਪਰਮੀਸ਼ ਵਰਮਾ ਦੀਆਂ ਵੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿਲਪ੍ਰੀਤ ਖੁਲਾਸਾ ਕੀਤਾ ਹੈ ਕਿ ਪਰਮੀਸ਼ ਵਰਮਾ ਨੇ ਉਸ ਨੂੰ ਸੁਰੱਖਿਆ ਲਈ ਹਵਾਲਾ ਰਾਹੀਂ 20 ਲੱਖ ਰੁਪਏ ਦਿੱਤੇ ਹਨ। ਜੇਕਰ ਦਿਲਪ੍ਰੀਤ ਵੱਲੋਂ ਕੀਤਾ ਖੁਲਾਸਾ ਸੱਚ ਸਾਬਤ ਹੁੰਦਾ ਹੈ ਤਾਂ ਪਰਮੀਸ਼ ਤੋਂ ਮੁਹਾਲੀ ਪੁਲਿਸ ਵੱਲੋਂ ਦਿੱਤੀ ਸਿਕਿਓਰਟੀ ਖੁੱਸ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੀ ਅਪ੍ਰੈਲ ‘ਚ ਪਰਮੀਸ਼ ਤੇ ਉਸ ਦੇ ਦੋਸਤ ਕੁਲਵੰਤ ਚਾਹਲ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਨੂੰ ਬਾਕਾਇਦਾ ਦੋ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਸਨ। ਇਹ ਹਮਲਾ ਦਿਲਪ੍ਰੀਤ ਨੇ ਹੀ ਕੀਤਾ ਸੀ। ਹੁਣ ਦਿਲਪ੍ਰੀਤ ਦੀ ਗ੍ਰਿਫਤਾਰੀ ਮਗਰੋਂ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ।

ਦੱਸ ਦੇਈਏ ਕਿ 30 ਸਾਲਾ ਦਿਲਪ੍ਰੀਤ ‘ਤੇ ਕਤਲ, ਚੋਰੀ, ਡਕੈਤੀ ਤੋਂ ਇਲਾਵਾ ਤੰਗ-ਪ੍ਰੇਸ਼ਾਨ ਕਰਨ ਦੇ ਕਈ ਇਲਜ਼ਾਮ ਹਨ ਤੇ ਮੌਜੂਦਾ ਸਮੇਂ ਉਹ ਮੁਹਾਲੀ ਪੁਲਿਸ ਦੀ ਗ੍ਰਿਫਤ ‘ਚ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਹੀ ਦਿਲਪ੍ਰੀਤ ਨੇ ਮੰਨਿਆ ਕਿ ਪਰਮੀਸ਼ ਨੇ ਉਸ ਨੂੰ 20 ਲੱਖ ਰੁਪਏ ਦਿੱਤੇ ਸਨ। ਮੁਹਾਲੀ ਦੇ ਐਸਐਸਪੀ ਕੁਲਦੀਪ ਚਾਹਲ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਪਰਮੀਸ਼ ਨੇ ਸੱਚਮੁੱਚ ਹੀ ਦਿਲਪ੍ਰੀਤ ਨੂੰ 20 ਲੱਖ ਰੁਪਏ ਦਿੱਤੇ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਉਸ ਨੂੰ ਦਿੱਤੀ ਸੁਰੱਖਿਆ ਵੀ ਵਾਪਸ ਲੈ ਲਈ ਜਾਵੇਗੀ। ਦਿਲਪ੍ਰੀਤ ਦੇ ਸਾਥੀ ਗੌਰਵ ਪਟਿਆਲਾ ਉਰਫ ਲੱਕੀ ਨੇ ਦਿੱਲੀ ‘ਚ ਇਹ ਰਕਮ ਵਸੂਲ ਕੀਤੀ ਸੀ। ਪੁਲਿਸ ਮੁਤਾਬਕ ਦਿਲਪ੍ਰੀਤ ਤੇ ਉਸ ਦੇ ਗੈਂਗ ਨੇ 10 ਲੱਖ ਦੀ ਰਾਸ਼ੀ ਵਸੂਲ ਕੀਤੀ ਸੀ ਜਦਕਿ ਬਾਕੀ ਅਮਰੀਕਾ ‘ਚ ਰਹਿੰਦੇ ਉਸ ਵਿਅਕਤੀ ਕੋਲ ਹੀ ਹੈ ਜਿਸ ਰਾਹੀਂ ਇਹ ਲੈਣ ਦੇਣ ਹੋਇਆ ਸੀ।

ਐਸਐਸਪੀ ਚਾਹਲ ਨੇ ਕਿਹਾ ਕਿ ਉਹ ਪੁੱਛਗਿੱਛ ਦੌਰਾਨ ਇਸ ਮਾਮਲੇ ਦੀ ਤਹਿ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤੋਂ ਸਿਰਫ ਪਰਮੀਸ਼ ਦੇ ਮਾਮਲੇ ‘ਚ ਹੀ ਨਹੀਂ ਹੋਰ ਮਾਮਲਿਆਂ ਸੰਬੰਧੀ ਵੀ ਪੁੱਛਗਿਛ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਦਿਲਪ੍ਰੀਤ ਢਾਹਾਂ ਤੇ ਉਸ ਦੇ ਸਾਥੀਆਂ ਵੱਲੋਂ ਪਰਮੀਸ਼ ਤੇ ਉਸਦੇ ਦੋਸਤ ਕੁਲਵੰਤ ‘ਤੇ ਚੰਡੀਗੜ੍ਹ ਦੇ ਸੈਕਟਰ 74 ‘ਚ ਹਮਲਾ ਕੀਤਾ ਗਿਆ ਸੀ। ਇਸ ਘਟਨਾ ‘ਚ ਪਰਮੀਸ਼ ਕਾਫੀ ਜ਼ਖਮੀ ਹੋਇਆ ਸੀ। ਪੁਲਿਸ ਨੇ ਦਿਲਪ੍ਰੀਤ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।


LEAVE A REPLY