ਡਕੈਤੀ ਦੀ ਯੋਜਨਾ ਬਣਾਉਂਦੇ ਗਿਰੋਹ ਦੇ 4 ਮੈਂਬਰ ਜਾਨਲੇਵਾ ਹਥਿਆਰਾਂ ਸਮੇਤ ਗ੍ਰਿਫਤਾਰ, ਇਕ ਫਰਾਰ


ਲੁਧਿਆਣਾ – ਕ੍ਰਾਈਮ ਬਰਾਂਚ 2 ਨੇ ਡਕੈਤੀ ਦੀ ਯੋਜਨਾ ਬਣਾਉਂਦੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਖਤਰਨਾਕ ਹਥਿਆਰਾਂ  ਸਮੇਤ ਕਾਬੂ ਕੀਤਾ ਗਿਆ ਹੈ, ਜਦੋਂ ਕਿ ਇਕ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਭੱਜਣ ’ਚ ਕਾਮਯਾਬ ਹੋ ਗਿਆ। ਫ਼ਡ਼ੇ ਗਏ ਦੋਸ਼ੀਆਂ ਦੀ ਪਛਾਣ ਢੰਡਾਰੀ ਖੁਰਦ ਦੇ ਅਨਿਲ ਕੁਮਾਰ ਉਰਫ ਬਿੱਲਾ, ਰਜੀਵ ਪ੍ਰਸਾਦ, ਸਲੇਮ ਟਾਬਰੀ ਇਲਾਕੇ ਦੇ ਮਨੋਜ ਕੁਮਾਰ ਉਰਫ ਰਾਜ ਤੇ ਭਾਮੀਆਂ ਕਲਾਂ ਦੇ ਬਸ਼ੀਰ ਅਲੀ ਉਰਫ ਜੋਕੂ ਦੇ ਰੂਪ ਵਿਚ ਹੋਈ ਹੈ, ਜਦਕਿ  ਦੋਸ਼ੀ ਹਿੰਮਤ ਗੋਇਲ ਉਰਫ ਹੈਪੀ ਫਰਾਰ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਦੋਸ਼ੀ ਮੂਲ ਰੂਪ  ’ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ  ’ਚੋਂ 2 ਦਾਤਰ, 1 ਲੋਹੇ ਦੀ ਰਾਡ, ਇਕ ਪੇਚਕਸ, 2 ਮੋਟਰਸਾਈਕਲ, 4 ਐੱਲ. ਸੀ. ਡੀ. ਤੇ ਐੱਲ. ਈ. ਡੀ., ਇਕ ਸੀ. ਪੀ. ਯੂ. ਤੇ ਸਪੀਕਰਾਂ ਦੇ 2 ਬਾਕਸ ਬਰਾਮਦ ਕੀਤੇ ਹਨ।

ਇਨ੍ਹਾਂ ਖਿਲਾਫ ਟਿੱਬਾ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਬਰਾਂਚ ਇੰਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਟਿੱਬਾ ਰੋਡ ਦੇ ਡੰਪ ਕੋਲੋਂ ਕਾਬੂ ਕੀਤਾ ਗਿਆ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਡੰਪ ਨੇਡ਼ੇ ਇਕ ਕਮਰੇ ’ਚ ਸ਼ੱਕੀ ਲੋਕਾਂ ਦੀਆਂ ਗਤੀਵਿਧੀਆਂ ਦੇਖੀਆਂ ਹਨ, ਜਿਸ ’ਤੇ ਤੁਰੰਤ ਰੇਡ ਕਰ ਕੇ ਹਥਿਆਰਾਂ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ, ਜਦਕਿ ਹੈਪੀ ਭੱਜਣ ’ਚ ਕਾਮਯਾਬ ਹੋ ਗਿਆ। ਬਾਅਦ ’ਚ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਕਤ ਸਾਮਾਨ ਬਰਾਮਦ ਕੀਤਾ ਗਿਆ। ®ਪੁੱਛਗਿੱਛ ’ਚ ਦੋਸ਼ੀਆਂ ਨੇ ਕਬੂਲ ਕੀਤਾ ਕਿ ਇਸ ਵਾਰ ਇਹ ਵੱਡਾ ਹੱਥ ਮਾਰਨ ਦੀ ਤਿਆਰੀ ਵਿਚ ਸਨ, ਜਿਸ ਲਈ ਉਹ ਇਕੱਠੇ ਹੋਏ ਸਨ  ਪਰ ਇਸ ਤੋਂ ਪਹਿਲਾਂ ਹੀ ਪੁਲਸ ਦੇ ਹੱਥ ਚਡ਼੍ਹ ਗਏ। ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਉਹ  ਰਾਤ ਸਮੇਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਰਾਜੇਸ਼ ਸ਼ਰਮਾ ਨੇ ਦੱਸਿਆ  ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


LEAVE A REPLY