ਪੁਲਿਸ ਮੁਲਾਜ਼ਮਾਂ ‘ਤੇ ਨਸ਼ਿਆਂ ਦੀ ਗਾਜ਼, 4 ਸਸਪੈਂਡ, 3 ਥਾਣੇਦਾਰਾਂ ਨੂੰ ਨੋਟਿਸ


ਪੁਲਿਸ ਨੇ ਡਰੱਗ ਤਸਕਰਾਂ ਨਾਲ ਸਬੰਧ ਰੱਖਣ ਦੇ ਇਲਜ਼ਾਮ ਵਿੱਚ ਚਾਰ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਪਰਮਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਰਸ਼ੋਤਮ ਲਾਲ ਚੌਕੀ ਇੰਚਾਰਜ ਨਵਾਂ ਪਿੰਡ, ਲਖਬੀਰ ਸਿੰਘ ਚੌਕੀ ਇੰਚਾਰਜ ਜੰਡਿਆਲਾ ਸਿਟੀ, ਸੁਖਦੇਵ ਸਿੰਘ ਚੌਕੀ ਇੰਚਾਰਜ਼ ਰਾਜਾਤਾਲ ਤੇ ਚੌਕੀ ਇੰਚਾਰਜ ਬੱਲ ਕਲਾਂ ਨੂੰ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਥਾਣਿਆਂ ਦੇ ਐਸਐਚਓ ਨੂੰ ਵੀ ਕਾਰਵਾਈ ਵਿੱਚ ਢਿੱਲ ਵਰਤਣ ਦੇ ਇਲਜ਼ਾਮ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਅਗਲੇ ਸੱਤ ਦਿਨਾਂ ਵਿੱਚ ਇਨ੍ਹਾਂ ਐਸਐਚਓਜ਼ ਨੂੰ ਜਵਾਬ ਦੇਣ ਲਈ ਆਖਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਸ਼ਿਕਾਇਤਾਂ ਪੁੱਜੀਆਂ ਸੀ ਕਿ ਇਹ ਅਧਿਕਾਰੀ ਡਰੱਗ ਤਸਕਰਾਂ ਨਾਲ ਮਿਲੇ ਹੋਏ ਸਨ। ਡਰੱਗ ਤਸਕਰਾਂ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਇਸ ਮਾਮਲੇ ਵਿੱਚ ਕੁਤਾਹੀ ਵਰਤਣ ਵਾਲੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸੀ। ਇਸੇ ਲੜੀ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਨ੍ਹਾਂ ਚਾਰ ਚੌਕੀ ਇੰਚਾਰਜਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਹੁਣ ਇਨ੍ਹਾਂ ਅਧਿਕਾਰੀਆਂ ਨੂੰ ਵਿਭਾਗੀ ਜਾਂਚ ਦਾ ਵੀ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਪਰਮਪਾਲ ਸਿੰਘ ਜੰਡਿਆਲਾ ਗੁਰੂ ਦੇ ਐਸਐਚਓ ਸਮੇਤ ਤਿੰਨ ਹੋਰ ਚੌਕੀ ਇੰਚਾਰਜਾਂ ਨੂੰ ਪਹਿਲਾਂ ਹੀ ਮੁਅੱਤਲ ਕਰ ਚੁੱਕਾ ਹੈ।

  • 7
    Shares

LEAVE A REPLY