5 ਕਰੋੜ ਦੀ ਹੈਰੋਇਨ ਸਣੇ ਔਰਤ ਗ੍ਰਿਫਤਾਰ


ਪਿੰਡ ਦੌਲੇਵਾਲ ਦੀ ਇਕ ਔਰਤ ਨੂੰ ਜਗਰਾਓਂ ਪੁਲਸ ਨੇ ਇਥੇ ਬੱਸ ਅੱਡੇ ਨੇੜਿਓਂ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕੌਮਾਂਤਰੀ ਬਾਜ਼ਾਰ ‘ਚ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਦੱਸੀ ਗਈ ਹੈ। ਮੂਲ ਰੂਪ ‘ਚ ਕਪੂਰਥਲਾ ਨਾਲ ਸਬੰਧਤ ਇਹ 50 ਸਾਲਾ ਔਰਤ ਪਤੀ ਦੀ ਮੌਤ ਤੋਂ ਬਾਅਦ ਅੱਜ-ਕੱਲ ਦੌਲੇਵਾਲ (ਮੋਗਾ) ਵਿਖੇ ਵਿਆਹੀ ਆਪਣੀ ਧੀ ਕੋਲ ਰਹਿ ਰਹੀ ਹੈ । ਜ਼ਿਲਾ ਪੁਲਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਇਥੇ ਪ੍ਰੈੱਸ ਕਾਨਫਰੰਸ ‘ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਔਰਤ ਦਿੱਲੀ ਤੋਂ ਹੈਰੋਇਨ ਲਿਆਉਂਦੀ ਸੀ ਅਤੇ ਇਹ ਉਸਦਾ ਤੀਸਰਾ ਗੇੜਾ ਸੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਦਿੱਲੀ ‘ਚ ਹੈਰੋਇਨ ਸਮੱਗਲਿੰਗ ‘ਚ ਲੱਗੇ ਨਾਈਜੀਰੀਅਨ ਲੋਕਾਂ ਕੋਲੋਂ ਇਹ ਡਰੱਗ ਲੈ ਕੇ ਆਉਂਦੀ ਸੀ। ਐੱਸ. ਐੱਸ. ਪੀ. ਬਰਾੜ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਐਂਟੀ ਨਾਰਕੋਟਿਕ ਸੈੱਲ ਨਾਲ ਮਿਲ ਕੇ ਪੁਲਸ ਪਾਰਟੀ ਤਹਿਸੀਲ ਚੌਕ ਮੌਜੂਦ ਸੀ, ਤਾਂ ਬੱਸ ਅੱਡਾ ਜਗਰਾਓਂ ਵੱਲੋਂ ਇਕ ਔਰਤ ਆਉਂਦੀ ਦਿਖਾਈ ਦਿੱਤੀ ।

ਪੁਲਸ ਪਾਰਟੀ ਨੂੰ ਦੇਖ ਕੇ ਔਰਤ ਕਾਹਲੀ ਨਾਲ ਪਿੱਛੇ ਬੱਸ ਅੱਡੇ ਵੱਲ ਨੂੰ ਮੁੜ ਪਈ, ਜਿਸ ਨੂੰ ਏ. ਐੱਸ. ਆਈ. ਕਰਮਜੀਤ ਸਿੰਘ ਨੇ ਮਹਿਲਾ ਸਿਪਾਹੀ ਮਹਿੰਦਰ ਕੌਰ ਦੀ ਮੱਦਦ ਨਾਲ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ। ਔਰਤ ਨੇ ਆਪਣਾ ਨਾਂ ਪੂਰਨ ਕੌਰ ਉਰਫ ਪੂਰੋ ਬਾਈ ਪਤਨੀ ਮਰਹੂਮ ਚਰਨ ਸਿੰਘ ਕੌਮ ਰਾਏ ਸਿੱਖ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਹਾਲ ਵਾਸੀ ਪਿੰਡ ਦੌਲੇਵਾਲ, ਥਾਣਾ ਕੋਟ ਈਸੇ ਖਾਂ ਦੱਸਿਆ । ਡੀ. ਐੱਸ. ਪੀ. ਪ੍ਰਭਜੋਤ ਕੌਰ ਨੂੰ ਬੁਲਾ ਕੇ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿਲੋ ਹੈਰੋਇਨ ਮਿਲੀ। ਇਸ ਸਬੰਧੀ ਥਾਣਾ ਸਿਟੀ ‘ਚ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ।


LEAVE A REPLY