ਮਹਾਨਗਰ ਵਿਚ ਹੋਈ ਦਿਲ ਦਹਿਲਾ ਦੇਣ ਵਾਲੀ ਘਟਨਾ 5 ਸਾਲਾ ਬੱਚੇ ਦਾ ਕੀਤਾ ਗਿਆ ਕਤਲ, ਘਰ ਦੇ ਬਾਹਰ ਪਲਾਸਟਿਕ ਦੀ ਬੋਰੀ ਚੋਂ ਮਿਲੀ ਲਾਸ਼


ਮਹਾਨਗਰ ‘ਚ ਹੋਈ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ‘ਚ 5 ਸਾਲ ਦੇ ਇਕ ਮਾਸੂਮ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅੰਸ਼ ਕਨੌਜੀਆ ਦੀ ਲਾਸ਼ ਐਤਵਾਰ ਸਵੇਰੇ ਨਗਨ ਹਾਲਤ ‘ਚ ਉਸ ਦੇ ਘਰ ਦੇ ਬਾਹਰ ਪਲਾਸਟਿਕ ਦੀ ਬੋਰੀ ‘ਚੋਂ ਮਿਲੀ। ਉਸ ਦਾ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਤੇ ਸ਼ਨੀਵਾਰ ਦੁਪਹਿਰ ਤੋਂ ਹੀ ਲਾਪਤਾ ਸੀ। ਇਹ ਘਟਨਾ ਜਗੀਰਪੁਰ ਦੇ ਅਮਰਜੀਤ ਨਗਰ ਦੀ ਹੈ।
ਘਟਨਾ ਦਾ ਪਤਾ ਸਵੇਰੇ ਲਗਭਗ 4 ਵਜੇ ਲੱਗਾ, ਜਦੋਂ ਅੰਸ਼ ਦੇ ਘਰੋਂ ਰੌਲਾ ਪੈਣ ਦੀਆਂ ਆਵਾਜ਼ਾਂ ਸੁਣ ਕੇ ਗੁਆਂਢੀਆਂ ਦੀ ਨੀਂਦ ਖੁੱਲ੍ਹੀ। ਉਨ੍ਹਾਂ ਦੱਸਿਆ ਕਿ ਜਦ ਉਹ ਜਲਦਬਾਜ਼ੀ ‘ਚ ਗਣੇਸ਼ ਕਨੌਜੀਆ (ਅੰਸ਼ ਦਾ ਪਿਤਾ) ਦੇ ਘਰ ਪੁੱਜੇ ਤਾਂ ਅੰਸ਼ ਦੀ ਲਾਸ਼ ਨਗਨ ਹਾਲਤ ‘ਚ ਸਫੈਦ ਰੰਗ ਦੀ ਪਲਾਸਟਿਕ ਦੀ ਬੋਰੀ ਕੋਲ ਪਈ ਸੀ। ਉਸ ਦੇ ਨੱਕ ਅਤੇ ਮੂੰਹ ‘ਚੋਂ ਖੂਨ ਵਹਿਣ ਅਤੇ ਗਲੇ ‘ਤੇ ਦਬਾਏ ਜਾਣ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਏ. ਡੀ. ਸੀ. ਪੀ. ਰਾਜਬੀਰ ਸਿੰਘ, ਏ. ਸੀ. ਪੀ. ਪਵਨਜੀਤ ਚੌਧਰੀ, ਟਿੱਬਾ ਥਾਣਾ ਇੰਚਾਰਜ ਮੁਹੰਮਦ ਜਮੀਲ ਪੁਲਸ ਫੋਰਸ ਸਮੇਤ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ।ਪੁਲਸ ਵਲੋਂ ਕਾਤਲਾਂ ਨੂੰ ਲੱਭਣ ਲਈ ਡਾਗ ਸਕੁਐਡ ਤੋਂ ਇਲਾਵਾ ਫੋਰੈਂਸਿਕ ਟੀਮ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ।

ਬੇਟੀ ਨੇ ਦੇਖੀ ਸਭ ਤੋਂ ਪਹਿਲਾਂ ਬੋਰੀ ‘ਚ ਪਈ ਲਾਸ਼

ਮ੍ਰਿਤਕ ਦੇ ਪਿਤਾ ਗਣੇਸ਼ ਨੇ ਦੱਸਿਆ ਕਿ ਅੰਸ਼ ਦੇ ਲਾਪਤਾ ਹੋਣ ਤੋਂ ਬਾਅਦ ਉਹ ਰਾਤ ਭਰ ਸੌਂ ਨਹੀਂ ਸਕੇ। ਸਵੇਰੇ ਲਗਭਗ 4 ਵਜੇ ਉਸ ਦੀ ਵੱਡੀ ਬੇਟੀ ਰੇਣੂ ਘਰ ਦੇ ਬਾਹਰ ਨਿਕਲੀ ਤਾਂ ਗੇਟ ਦੇ ਸਾਹਮਣੇ ਸਫੈਦ ਰੰਗ ਦੀ ਬੋਰੀ ਪਈ ਹੋਈ ਸੀ। ਬੋਰੀ ਨੂੰ ਦੇਖ ਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਉਹ ਭੱਜ ਕੇ ਬਾਹਰ ਆਏ। ਜਦ ਉਨ੍ਹਾਂ ਨੇ ਬੋਰੀ ਨੂੰ ਚੁੱਕ ਕੇ ਪਲਟਿਆ ਤਾਂ ਉਸ ‘ਚੋਂ ਅੰਸ਼ ਦੀ ਲਾਸ਼ ਬਾਹਰ ਆ ਗਈ। ਉਸ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਸੀ। ਉਹ ਉਸ ਨੂੰ ਕਈ ਹਸਪਤਾਲਾਂ ‘ਚ ਲੈ ਕੇ ਗਏ ਪਰ ਸਾਰਿਆਂ ਨੇ ਇਹੀ ਕਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ।

ਕਲਾਸ ਚੋਂ ਫਸਟ ਆਇਆ ਸੀ ਅੰਸ਼

ਅੰਸ ਦੇ ਪਿਤਾ ਨੇ ਦੱਸਿਆ ਕਿ ਅੰਸ਼ ਐੱਲ. ਕੇ. ਜੀ. ਦਾ ਵਿਦਿਆਰਥੀ ਸੀ, ਜੋ ਪੜ੍ਹਨ ‘ਚ ਹੁਸ਼ਿਆਰ ਅਤੇ ਤੇਜ਼ ਤਰਾਰ ਸੀ। ਕਲਾਸ ‘ਚ ਉਹ ਫਸਟ ਆਇਆ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸੀ। ਸ਼ਨੀਵਾਰ ਨੂੰ ਸਕੂਲ ‘ਚ ਪੇਰੈਂਟਸ ਦੀ ਮੀਟਿੰਗ ਸੀ। ਉਹ ਬੱਚਿਆਂ ਦੇ ਨਾਲ ਮੀਟਿੰਗ ਅਟੈਂਡ ਕਰਨ ਲਈ ਸਕੂਲ ਗਿਆ ਸੀ। ਲਗਭਗ ਸਵਾ 8 ਵਜੇ ਉਹ ਉਨ੍ਹਾਂ ਨੂੰ ਵਾਪਸ ਘਰ ਛੱਡ ਕੇ ਹੌਜ਼ਰੀ ਚਲਾ ਗਿਆ ਸੀ, ਜਿਸ ਤੋਂ ਬਾਅਦ 12 ਵਜੇ ਉਸ ਨੂੰ ਪਤਾ ਲੱਗਾ ਕਿ ਅੰਸ਼ ਘਰ ਦੇ ਬਾਹਰ ਖੇਡਦਾ ਹੋਇਆ ਲਾਪਤਾ ਹੋ ਗਿਆ।

ਕਿਸੇ ਨਾਲ ਨਹੀਂ ਸੀ ਦੁਸ਼ਮਣੀ

ਗਣੇਸ਼ ਨੇ ਦੱਸਿਆ ਕਿ ਉਸ ਦੇ ਜਾਂ ਉਸ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਸ ਦਾ ਕਦੇ ਕਿਸੇ ਨਾਲ ਝਗੜਾ ਹੋਇਆ ਸੀ। ਉਹ ਪਿਛਲੇ ਡੇਢ ਦਹਾਕੇ ਤੋਂ ਇਥੇ ਰਹਿ ਰਿਹਾ ਹੈ। ਇਹ ਉਸ ਦਾ ਖੁਦ ਦਾ ਮਕਾਨ ਹੈ, ਜਿੱਥੇ ਉਸ ਦੇ ਪਰਿਵਾਰ ਤੋਂ ਇਲਾਵਾ 6 ਕਿਰਾਏਦਾਰ ਰਹਿੰਦੇ ਹਨ। ਅੰਸ਼ ਦੇ ਪਿਤਾ ਗਣੇਸ਼ ਕਨੌਜੀਆ ਦੇ ਬਿਆਨ ‘ਤੇ ਅਣਪਛਾਤੇ ਖਿਲਾਫ ਅਗਵਾ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਿਸ ਤਰ੍ਹਾਂ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਦੇ ਪਿੱਛੇ ਕਿਸੇ ਨਜ਼ਦੀਕੀ ਜਾਂ ਭੇਤੀ ਦਾ ਹੱਥ ਹੋ ਸਕਦਾ ਹੈ। ਪੁੱਛਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ। ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।


LEAVE A REPLY