ਜਾਅਲੀ ਨੋਟਾਂ ਨਾਲ ਠੱਗੀ ਮਾਰਨ ਵਾਲੇ 6 ਗ੍ਰਿਫਤਾਰ


ਲੁਧਿਆਣਾ – ਡੇਹਲੋਂ ਪੁਲਸ ਨੇ ਜਾਅਲੀ ਨੋਟ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਸੂਤਰਾਂ ਅਨੁਸਾਰ ਡੇਹਲੋਂ ਪੁਲਸ ਨੇ ਸਾਹਨੇਵਾਲ ਰੋਡ, ਬਾਈਪਾਸ ਚੌਕ ਰੁਡ਼ਕਾ, ਡੇਹਲੋਂ ਵਿਖੇ ਨਾਕਾ ਲਾਇਆ ਹੋਇਆ ਸੀ ਤਾਂ ਸਾਹਨੇਵਾਲ ਵਾਲੀ ਸਾਈਡ ਤੋਂ ਆਉਂਦੀ ਗੱਡੀ ਨੂੰ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਪੁਲਸ ਪਾਰਟੀ ਦੀ ਮਦਦ ਨਾਲ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿਚ ਬੈਠੇ ਵਿਅਕਤੀਆਂ ਸੋਮਾ ਸਿੰਘ ਉੱਰਫ ਕਮਲ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਡੇਹਲੋਂ ਜ਼ਿਲਾ ਲੁਧਿਆਣਾ, ਰਛਪਾਲ ਸਿੰਘ ਉਰਫ ਪਾਲਾ ਪੁੱਤਰ ਕਰਨੈਲ ਸਿੰਘ ਵਾਸੀ ਰਾਏਕੋਟ ਲੁਧਿਆਣਾ, ਬੁੱਧ ਸਿੰਘ ਉੱਰਫ ਬੁੱਧੂ ਪੁੱਤਰ ਛਿੰਦਰ ਸਿੰਘ ਵਾਸੀ ਰਾਏਕੋਟ ਜ਼ਿਲਾ ਲੁਧਿਆਣਾ, ਨੀਰਜ ਉੱਰਫ ਜੱਸ ਪੁੱਤਰ ਅਨਿਲ ਕੁਮਾਰ ਵਾਸੀ ਸਮਰਾਲਾ ਰੋਡ ਖੰਨਾ ਜ਼ਿਲਾ ਲੁਧਿਆਣਾ, ਰਾਮ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਰੁਡ਼ਕਾ ਕਲਾਂ ਜ਼ਿਲਾ ਲੁਧਿਆਣਾ, ਡੋਗਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਕੰਗਣਵਾਲ ਜ਼ਿਲਾ ਲੁਧਿਆਣਾ ਦੇ ਕਬਜ਼ੇ ਵਿਚੋਂ ਇਕ ਬੈਗ ਵਿਚੋਂ ਇਕ ਬੋਤਲ 2 ਲੀਟਰ ਰੰਗਕਾਟ, ਇਕ ਬੋਤਲ ਸਵਾ ਲੀਟਰ ਆਇਓਡੀਨ ਦਾ ਘੋਲ, ਇਕ ਬੋਤਲ 400 ਐੱਮ. ਐੱਲ. ਆਇਓਡੀਨ, ਦੂਜੇ ਬੈਗ ਵਿਚੋਂ 18 ਖਾਕੀ ਪੇਪਰਾਂ ਵਿਚ ਲਪੇਟੀਆਂ 2000 ਰੁਪਏ ਦੇ ਨੋਟਾਂ ਦੇ ਸਾਈਜ਼ ਦੀਆਂ ਗੁੱਟੀਆਂ, 2000 ਰੁਪਏ ਦੇ ਪ੍ਰਿੰਟਡ ਨੋਟ, ਦੋ ਕਾਲੇ ਰੰਗ ਦੇ ਸ਼ੀਸ਼ੇ , ਖਾਕੀ ਟੇਪ ਦਾ ਰੋਲ, ਕੈਂਚੀ, ਖੁੱਲ੍ਹਾ ਰੂੰ ਤੇ ਖਾਕੀ ਰੰਗ ਦੇ ਪੇਪਰ ਬਰਾਮਦ ਕੀਤੇ, ਜਿਸ ’ਤੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਡੇਹਲੋਂ ਦੇ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਮਿਲ ਕੇ ਹਸ਼ਿਆਰਪੁਰ ਵਿਚ 1,50,000/-ਰੁਪਏ, ਟਾਂਡਾ ਜ਼ਿਲਾ ਹੁਸ਼ਿਆਰਪੁਰ ਵਿਚ 2,50,000/-ਰੁਪਏ, ਜਲੰਧਰ ਸ਼ਹਿਰ ਵਿਚ 2,50,000/-ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਅਨੁਸਾਰ ਕਥਿਤ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ। ਉਨ੍ਹਾਂ ਵਿਚੋਂ ਕੁੱਝ ’ਤੇ ਥਾਣਾ ਖੰਨਾ ਸਿਟੀ ਤੇ ਮੋਗਾ ਸਿਟੀ ਵਿਚ ਵੀ ਠੱਗੀ ਮਾਰਨ ਦੇ ਮੁਕਦਮੇ ਦਰਜ ਹਨ। ਪੁਲਸ ਅਨੁਸਾਰ ਇਨ੍ਹਾਂ ਕਥਿਤ ਮੁਲਜ਼ਮਾਂ ਤੋਂ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਸ ਮੌਕੇ ਹੌਲਦਾਰ ਬਲਵਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਮੇਜਰ ਸਿੰਘ ਆਦਿ ਵੀ ਹਾਜ਼ਰ ਸਨ।


LEAVE A REPLY