ਜ਼ਿਲ੍ਹਾ ਲੁਧਿਆਣਾ ਦੇ 62 ਪਿੰਡਾਂ ਦੀ ਵਾਤਾਵਰਣ ਅਨੁਕੂਲਿਤ ਪਸ਼ੂਧੰਨ ਉਤਪਾਦਨ ਯੋਜਨਾ ਤਹਿਤ ਚੋਣ, ਕੈਟਲ ਸ਼ੈੱਡ ਉਸਾਰਨ ਲਈ ਮਿਲਦੀ ਸਬਸਿਡੀ, ਪਸ਼ੂ ਪਾਲਕ ਅਰਜ਼ੀਆਂ ਦੇਣ – ਡਿਪਟੀ ਡਾਇਰੈਕਟਰ


ਲੁਧਿਆਣਾ – ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ 62 ਪਿੰਡਾਂ ਦੀ ਚੋਣ ਵਾਤਾਵਰਣ ਅਨੁਕੂਲਿਤ ਪਸ਼ੂਧੰਨ ਉਤਪਾਦਨ ਯੋਜਨਾ ਤਹਿਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਇੱਕ ਪਿੰਡ ਵਿੱਚ 10 ਜਾਂ 5 ਦੇਸੀ ਗਾਵਾਂ ਜਾਂ ਮੱਝਾਂ ਲਈ ਮਾਡਲ ਕੈਟਲ ਸ਼ੈੱਡ ’ਤੇ ਕ੍ਰਮਵਾਰ 2.25 ਲੱਖ ਅਤੇ 1 ਲੱਖ 12 ਹਜ਼ਾਰ 500 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ. ਦਿਲਬਾਗ ਸਿੰਘ ਹਾਂਸ ਨੇ ਪਿੰਡ ਰਾਜਗੜ੍ਹ ਵਿਖੇ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਦਿੱਤੀ। ਸ੍ਰ. ਹਾਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਦੀ ਸਿਹਤਯਾਬੀ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੇਅਰੀ ਵਿਕਾਸ ਵਿਭਾਗ ਵੱਲੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਸ਼ੂ ਪਾਲਕਾਂ ਨੂੰ ਦਿਵਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸੇ ਕੋਸ਼ਿਸ਼ ਤਹਿਤ ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਇਨ੍ਹਾਂ ਪਿੰਡਾਂ ਦੀ ਚੋਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਪਿੰਡ ਰਾਜਗੜ੍ਹ, ਪੱਖੋਵਾਲ, ਨੰਗਲ ਖੁਰਦ, ਲਤਾਲਾ, ਜੰਡ, ਕੈਲੇ, ਲੋਹਟਬੱਦੀ, ਬੜੂੰਦੀ, ਜੌਹਲਾਂ, ਮਹੇਰਨਾ ਕਲਾਂ ਆਦਿ ਪਿੰਡਾਂ ਨੂੰ ਭਾਰਤ ਸਰਕਾਰ ਦੀ ਵਾਤਾਵਰਣ ਬਦਲਾਓ ਦੇ ਮਾੜੇ ਅਸਰ ਤੋਂ ਪਸ਼ੂਆਂ ਨੂੰ ਬਚਾਉਣ ਦੀ ਸਕੀਮ ਲਈ ਵੀ ਚੁਣਿਆ ਗਿਆ ਹੈ, ਜਿਸ ਤਹਿਤ ਇੱਕ ਪਿੰਡ ਵਿੱਚ 10 ਜਾਂ 5 ਦੇਸੀ ਗਾਵਾਂ ਜਾਂ ਮੱਝਾਂ ਲਈ ਮਾਡਲ ਕੈਟਲ ਸ਼ੈੱਡ ’ਤੇ ਕ੍ਰਮਵਾਰ 2.25 ਲੱਖ ਅਤੇ 1 ਲੱਖ 12 ਹਜ਼ਾਰ 500 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਵੱਲੋਂ ਇਸ ਯੋਜਨਾ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ 100 ਕੈਟਲ ਸ਼ੈੱਡ ਉਸਾਰੇ ਜਾਣੇ ਹਨ, ਜਿਨ੍ਹਾਂ ਵਿੱਚੋਂ 25 ਸ਼ੈੱਡ ਉਸਾਰੇ ਜਾ ਚੁੱਕੇ ਹਨ, ਜਦਕਿ ਬਾਕੀਆਂ ਲਈ ਯੋਗ ਕਿਸਾਨ ਅਰਜ਼ੀਆਂ ਦੇ ਸਕਦੇ ਹਨ।

ਇਸ ਮੌਕੇ ਪਿੰਡ ਰਾਜਗੜ੍ਹ ਵਿਖੇ ਲਗਾਏ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਦਾ ਉਦਘਾਟਨ ਸਹਿਕਾਰੀ ਸਭਾ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਸ. ਰਣਜੀਤ ਸਿੰਘ ਨੇ ਕੀਤਾ। ਕੈਂਪ ਦੌਰਾਨ ਸ. ਦਿਲਬਾਗ ਸਿੰਘ ਹਾਂਸ, ਸ੍ਰ. ਮਲਕੀਤ ਸਿੰਘ ਟੈਕਨੀਕਲ ਅਫ਼ਸਰ ਬੀਜਾ, ਸ੍ਰ. ਦਰਸ਼ਨ ਸਿੰਘ ਚੀਮਾ ਮਿਲਕਫੈੱਡ, ਸ੍ਰੀ ਅਰਬੁਣ ਕੁਮਾਰ, ਸ੍ਰ. ਬਲਵਿੰਦਰ ਸਿੰਘ ਪੰਧੇਰ, ਕਾਰਜਕਾਰੀ ਅਫ਼ਸਰ ਬੀਜਾ, ਸ੍ਰ. ਸੰਤੋਖ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਅਤੇ ਹੋਰਾਂ ਨੇ ਵਿਭਾਗੀ ਸਕੀਮਾਂ, ਡੇਅਰੀ ਧੰਦੇ ਦੀ ਮਹੱਤਤਾ, ਕਾਮਯਾਬ ਡੇਅਰੀ ਫਾਰਮਿੰਗ, ਦੁੱਧ ਪੈਦਾ ਕਰਨ ਦੀ ਮਹੱਤਤਾ, ਪਸ਼ੂਆਂ ਦੀਆਂ ਨਸਲਾਂ, ਲਵੇਰੀਆਂ ਦੀ ਚੋਣ, ਪਰਖ ਤੇ ਖ੍ਰੀਦ ਸਮੇਂ ਸਾਵਧਾਨੀਆਂ, ਪਸ਼ੂਆਂ ਦੀਆਂ ਬਿਮਾਰੀਆਂ, ਸਾਵਧਾਨੀਆਂ ਅਤੇ ਇਲਾਜ, ਪਸ਼ੂਆਂ ਦੀਆਂ ਛੂਤ ਦੀਆਂ ਬਿਮਾਰੀਆਂ, ਧਾਤਾਂ ਦੇ ਚੂਰੇ ਦੀ ਵਰਤੋਂ ਅਤੇ ਸੀਮਨ ਦੀ ਮਹੱਤਤਾ ਅਤੇ ਵਰਤੋਂ, ਹਰੇ ਚਾਰੇ ਦਾ ਹੇਅ ਅਤੇ ਆਚਾਰ ਬਣਾਉਣ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਡੇਅਰੀ ਫਾਰਮਿੰਗ ਦੀ ਆਰਥਿਕਤਾ ਅਤੇ ਸਾਫ ਦੁੱਧ ਪੈਦਾ ਕਰਨ ਦੀ ਮਹੱਤਤਾ ਤੇ ਢੰਗ, ਦੁਧਾਰੂ ਪਸ਼ੂਆਂ ਦੀ ਖਾਦ ਖੁਰਾਕ ਤੇ ਮਿਆਰੀ ਖੁਰਾਕ ਦੀ ਘਾਟ ਕਾਰਨ ਹੋਣ ਵਾਲੇ ਨੁਕਸਾਨਾਂ, ਚੰਗੀ ਖੁਰਾਕ ਦੀ ਵਰਤੋਂ, ਕੈਟਲ ਸ਼ੈੱਡ ਦੀ ਮਹੱਤਤਾ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਦਿੱਤੀ।

ਸ. ਹਾਂਸ ਨੇ ਦੱਸਿਆ ਕਿ ਜੋ ਵੀ ਦੁੱਧ ਉਤਪਾਦਕ ਕਿਸਾਨ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਵਿਭਾਗ ਦੇ ਡੇਅਰੀ ਸਿਖ਼ਲਾਈ ਕੇਂਦਰ, ਬੀਜਾ ਵਿਖੇ ਜਾਂ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਫੋਨ ਨੰ: 0161-2400223 ਜਾਂ ਹੈੱਲਪਲਾਈਨ ਨੰ: 94172-41473 ’ਤੇ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਡੇਅਰੀ ਸਿਖ਼ਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਆਪਣੇ ਡੇਅਰੀ ਦੇ ਧੰਦੇ ਨੂੰ ਵਪਾਰਕ ਲੀਹਾਂ ’ਤੇ ਲਿਜਾਣਾ ਚਾਹੀਦਾ ਹੈ। ਇਸ ਕੈਂਪ ਵਿੱਚ 135 ਤੋਂ ਵੀ ਵੱਧ ਦੁੱਧ ਉਤਪਾਦਕਾਂ ਨੇ ਭਾਗ ਲਿਆ।


LEAVE A REPLY