ਗੁਰੂ ਨਾਨਕ ਸਟੇਡੀਅਮ ਵਿਖੇ 69ਵੀਂ ਸੀਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਹੋਇਆ ਉਦਘਾਟਨ, ਖਿਡਾਰੀਆਂ ਲਈ ਸਰਕਾਰੀ ਨੌਕਰੀਆਂ ਵਿੱਚ 3 ਪ੍ਰਤੀਸ਼ਤ ਕੋਟਾ ਰੱਖਿਆ ਜਾਵੇਗਾ – ਰਾਣਾ ਗੁਰਮੀਤ ਸਿੰਘ ਸੋਢੀ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਹੋਰ ਉਤਸ਼ਾਹਿਤ ਕਰਨ ਲਈ ਨਵੀਂ ਖੇਡ ਨੀਤੀ ਬਣਾਈ ਗਈ ਹੈ, ਜਿਸ ਅਧੀਨ ਖਿਡਾਰੀਆਂ ਦੀ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ 3 ਪ੍ਰਤੀਸ਼ਤ ਕੋਟਾ ਹਰੇਕ ਵਿਭਾਗ ਵਿੱਚ ਰਾਖਵਾਂ ਕੀਤਾ ਜਾਵੇਗਾ ਅਤੇ ਕੋਚਾਂ ਨੂੰ ਵੀ ਇਸ ਨੀਤੀ ਅਧੀਨ ਰਾਸ਼ੀ ਦੇਣ ਦਾ ਉਪਬੰਧ ਕੀਤਾ ਗਿਆ ਹੈ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਮਾਮਲੇ ਵਿਭਾਗ ਨੇ ਅੱਜ ਗੁਰੂ ਨਾਨਕ ਸਟੇਡੀਅਮ ਵਿਖੇ 69ਵੀਂ ਸੀਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ।

ਸ੍ਰ. ਸੋਢੀ ਨੇ ਨਵੀਂ ਖੇਡ ਨੀਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕਰਨ ਅਤੇ ਹੋਰ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਸਰਕਾਰੀ ਨੌਕਰੀਆਂ ਵਿੱਚ 3 ਪ੍ਰਤੀਸ਼ਤ ਕੋਟਾ ਰੱਖਿਆ ਜਾਵੇਗਾ ਅਤੇ ਖਿਡਾਰੀਆਂ ਨਾਲ ਸਬੰਧਤ ਨੌਕਰੀਆਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੋਂ ਬਾਹਰ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਖੇਡ ਵਿਭਾਗ ਖਿਡਾਰੀਆਂ ਦੀ ਦਰਜਾਬੰਦੀ ਕਰੇਗਾ, ਉਸ ਅਧਾਰ ‘ਤੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਹੋਰ ਦੱਸਿਆ ਕਿ ਖਿਡਾਰੀਆਂ ਦੇ ਨਾਲ-ਨਾਲ ਨੀਤੀ ਵਿੱਚ ਕੋਚਾਂ ਨੂੰ ਵੀ ਰਾਸ਼ੀ ਦੇਣ ਦਾ ਉਪਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜੇਤੂ ਖਿਡਾਰੀ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਦਾ 40 ਪ੍ਰਤੀਸ਼ਤ ਵੱਖਰੇ ਤੌਰ ‘ਤੇ ਕੋਚ ਨੂੰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਏਸ਼ੀਆਈ ਖੇਡਾਂ ਸਮੇਤ ਹੋਰ ਅੰਤਰਰਾਸ਼ਟਰੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਨਿਸ਼ਾਨਾ ਜਿੱਥੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਾ ਹੈ, ਉਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵੀ ਇੱਕ ਵੱਡਾ ਉਪਰਾਲਾ ਹੈ।
ਸ੍ਰ. ਸੋਢੀ ਨੇ ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਵਿੱਚ ਮਿਲੀ ਹਾਰ ਤੋਂ ਘਬਰਾਉਣਾ ਜਾਂ ਹੌਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਪਹਿਲਾਂ ਨਾਲੋਂ ਵੀ ਮਜ਼ਬੂਤ ਇਰਾਦੇ ਨਾਲ ਮੈਦਾਨ ਵਿੱਚ ਆਉਣਾ ਚਾਹੀਦਾ ਹੈ, ਕਿਉਂਕਿ ਸਹੀ ਅਰਥਾਂ ਵਿੱਚ ਹਾਰ ਹੀ ਜਿੱਤ ਵੱਲ ਪਹਿਲਾ ਕਦਮ ਹੁੰਦੀ ਹੈ। ਉਹਨਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਵਿੱਚ ਅਨੁਸਾਸ਼ਨ ਪੈਦਾ ਕਰਦੀਆਂ ਹਨ, ਉਥੇ ਖਿਡਾਰੀ ਨੂੰ ਸ਼ਹਿਣਸ਼ੀਲ ਵੀ ਬਣਾਉਂਦੀਆਂ ਹਨ, ਜੋ ਕਿ ਸਫ਼ਲ ਜ਼ਿੰਦਗੀ ਦਾ ਰਾਜ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣੇ ਮਾਂ-ਬਾਪ, ਸੂਬੇ ਅਤੇ ਦੇਸ਼ ਦਾ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰਨ।

ਇਸ ਮੌਕੇ ਸ੍ਰ੍ਰ. ਸੋਢੀ ਨੇ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਖ਼ਤ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਨੇ ਆਪਣੇ ਇਖਤਿਆਰੀ ਕੋਟੇ ਵਿੱਚੋ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਐਸੋਸੀਏਸ਼ਨ ਮੈਂਬਰਾਂ ਦੀ ਮੰਗ ‘ਤੇ ਉਹਨਾਂ ਬਾਸਕਿਟਬਾਲ ਸਟੇਡੀਅਮ, ਹੋਸਟਲ ਅਤੇ ਬਾਥਰੂਮਾਂ ਦੀ ਮੁਰੰਮਤ ਵੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਯੁਰਿੰਦਰ ਸਿੰਘ ਹੇਅਰ, ਜਨਰਲ ਸਕੱਤਰ ਸ੍ਰ. ਤੇਜਾ ਸਿੰਘ ਧਾਲੀਵਾਲ, ਜ਼ਿਲਾ ਪ੍ਰਧਾਨ ਕਾਂਗਰਸ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਅਤੇ ਹੋਰ ਅਹੁੱਦੇਦਾਰ ਤੇ ਖਿਡਾਰੀ ਹਾਜ਼ਰ ਸਨ।


LEAVE A REPLY