ਜ਼ਿਲਾਂ ਲੁਧਿਆਣਾ ਦੇ 723 ਛੱਪੜਾਂ ਦੀ ਹੋਵੇਗੀ ਸਫ਼ਾਈ, ਲਗਾਏ ਜਾਣਗੇ ਪੌਦੇ – ਵਧੀਕ ਡਿਪਟੀ ਕਮਿਸ਼ਨਰਲੁਧਿਆਣਾ – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾਂ ਲੁਧਿਆਣਾ ਦੇ ਪੇਂਡੂ ਖੇਤਰਾਂ ਵਿੱਚ ਪੈਂਦੇ ਛੱਪੜਾਂ ਦੀ ਸਫਾਈ ਕਰਵਾਈ ਜਾਣੀ ਹੈ। ਇਸ ਤੋਂ ਇਲਾਵਾ ਛੱਪੜਾਂ ਦੇ ਆਲੇ-ਦੁਆਲੇ ਮੌਨਸੂਨ ਸੀਜਨ ਦੌਰਾਨ ਪੌਦੇ ਲਗਾਉਣ ਦੇ ਨਾਲ-ਨਾਲ ਕੁਝ ਛੱਪੜਾਂ ਦੇ ਪਾਸਿਆਂ (ਸਾਈਡਾਂ) ‘ਤੇ ਸ਼ਾਨਦਾਰ ਪਾਰਕਾਂ ਵਿਕਸਤ ਕਰਨ ਦਾ ਵੀ ਪ੍ਰਸਤਾਵ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲਾਂ ਲੁਧਿਆਣਾ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ 12 ਵਿਭਾਗਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲਾਂ ਲੁਧਿਆਣਾ ਵਿੱਚ ਪੈਂਦੇ 723 ਛੱਪੜਾਂ ਦੀ ਸਫਾਈ ਕਰਨ ਦਾ ਪ੍ਰਸਤਾਵ ਹੈ। ਜਿਨਾਂ ਵਿੱਚੋਂ 539 ਛੱਪੜਾਂ ਦੀ ਸਫਾਈ ਦੇ ਕੰਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜੋ ਕਿ ਮਗਨਰੇਗਾ ਅਧੀਨ ਕਰਵਾਈ ਜਾਵੇਗੀ।ਵੱਖ-ਵੱਖ ਪਿੰਡਾਂ ਵਿੱਚ 201 ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਵੀ ਕਰਵਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਕੰਮ ਅਧੀਨ ਛੱਪੜਾਂ ਵਿੱਚੋਂ ਪਾਣੀ ਕੱਢ ਕੇ ਉਸ ਦੀ ਗਾਰ ਨੂੰ ਛੱਪੜਾਂ ਦੇ ਕਿਨਾਰਿਆਂ ਨਾਲ ਲਗਾਇਆ ਜਾ ਰਿਹਾ ਹੈ ਤਾਂ ਜੋ ਛੱਪੜਾਂ ਦੇ ਕਿਨਾਰਿਆਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ।

ਝੋਨੇ ਦੀ ਲਵਾਈ ਦੇ ਚੱਲਦਿਆਂ ਛੱਪੜਾਂ ਦਾ ਪਾਣੀ ਕਿਸਾਨਾਂ ਦੀ ਮੰਗ ਅਨੁਸਾਰ ਨਾਲ ਲੱਗਦੇ ਖੇਤਾਂ ਵਿੱਚ ਕੱਢ ਦਿੱਤਾ ਜਾਂਦਾ ਹੈ, ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਾਫੀ ਲਾਹੇਵੰਦ ਸਾਬਿਤ ਹੁੰਦਾ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਛੱਪੜਾਂ ਦੀ ਸਫਾਈ ਦੇ ਨਾਲ-ਨਾਲ ਇਨਾਂ ਦੇ ਕਿਨਾਰਿਆਂ ‘ਤੇ ਪੌਦੇ ਲਗਾਏ ਜਾਣਗੇ, ਇਸ ਲਈ ਟੋਏ ਪੁੱਟਣ ਦਾ ਕੰਮ ਵੀ ਨਾਲ ਹੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾਂ ਪ੍ਰਸਾਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਫਾਈ ਕੀਤੇ ਜਾਣ ਵਾਲੇ 50 ਦੇ ਕਰੀਬ ਛੱਪੜਾਂ ਦੀ ਇੱਕਸਾਰ ਵੰਡ (ਡਵੀਜ਼ਨ) ਕਰਕੇ ਇਨਾਂ ਵਿੱਚ ਪੈਣ ਵਾਲੇ ਪਾਣੀ ਨੂੰ ਸਾਫ਼ ਕੀਤਾ ਜਾਵੇ ਤਾਂ ਜੋ ਇਹ ਖੇਤੀ, ਮੱਖੀ ਪਾਲਣ ਸਮੇਤ ਹੋਰ ਕਾਰਜਾਂ ਲਈ ਵਰਤਿਆ ਜਾ ਸਕੇ। ਮੱਛੀ ਪਾਲਣ ਦਾ ਕੰਮ ਸ਼ੁਰੂ ਹੋਣ ਨਾਲ ਪੰਚਾਇਤਾਂ ਦੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ। ਉਨਾਂ ਦੱਸਿਆ ਕਿ ਜਿਹੜੇ ਛੱਪੜਾਂ ਨੇ ਆਲੇ-ਦੁਆਲੇ ਖਾਲੀ ਜਗਾਂ ਬੇਅਬਾਦ ਪਈ ਹੈ, ਉਥੇ ਪਾਰਕਾਂ ਵਿਕਸਤ ਕੀਤੀਆਂ ਜਾਣਗੀਆਂ। ਇਨਾਂ ਦੀ ਸਾਂਭ ਸੰਭਾਲ ਦਾ ਜਿੰਮਾ ਵੀ ਪੰਚਾਇਤਾਂ ਜਾਂ ਸਥਾਨਕ ਲੋਕਾਂ ਨੂੰ ਦਿੱਤਾ ਜਾਵੇਗਾ। ਡਾ. ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੱਪੜਾਂ ਦੀ ਸਫਾਈ ਮੁਹਿੰਮ ਵਿੱਚ ਪ੍ਰਸਾਸ਼ਨ ਦਾ ਸਹਿਯੋਗ ਕਰਨ।


LEAVE A REPLY