ਮਹਿੰਗੀ ਬਿਜਲੀ ਨੂੰ ਲੈ ਕੇ ਕੈਪਟਨ ਸਰਕਾਰ ਖ਼ਿਲਾਫ਼ ਡਟੀ ਆਪ ਪਾਰਟੀ, ਲੋਕਾਂ ਦੇ ਹਿੱਤ ਲਈ ਹਰ ਪਿੰਡ ਚ ਬਿਜਲੀ ਕਮੇਟੀ


AAP Party Launches bijli Andolan in Punjab against Punjab Government

ਆਮ ਆਦਮੀ ਪਾਰਟੀ ਨੇ ਬੇਹੱਦ ਮਹਿੰਗੇ ਬਿਜਲੀ ਬਿੱਲਾਂ ਤੋਂ ਬੇਹਾਲ ਪੰਜਾਬ ਦੇ ਲੋਕਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਦਿੱਤੀ ਹੈ। ਪਾਰਟੀ ਨੇ ਜ਼ਿਲ੍ਹਾ ਸੰਗਰੂਰ ਤੋਂ ‘ਬਿਜਲੀ ਅੰਦੋਲਨ’ ਸ਼ੁਰੂ ਕਰ ਕੀਤਾ। ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਘਰਾਚੋਂ ਅਤੇ ਸੁਨਾਮ ਦੇ ਪਿੰਡ ਸ਼ੇਰੋਂ ‘ਚ ‘ਬਿਜਲੀ ਅੰਦੋਲਨ’ ਸ਼ੁਰੂ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਲੋਕ 60-60 ਹਜ਼ਾਰ ਰੁਪਏ ਤਕ ਦੇ ਬਿਜਲੀ ਦੇ ਬਿੱਲ ਲੈ ਕੇ ਸਮਾਗਮ ਵਿੱਚ ਪਹੁੰਚੇ।

ਇਸ ਮੌਕੇ ਭਗਵੰਤ ਮਾਨ ਨੇ ਕਈ ਲੋਕਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ ਜਿਨ੍ਹਾਂ ਦੇ ਘਰ ਸਿਰਫ ਇੱਕ-ਇੱਕ ਜਾਂ ਦੋ-ਦੋ ਬਲਬ ਤੇ ਪੱਖੇ ਚੱਲਦੇ ਹਨ ਪਰ ਬਿਜਲੀ ਦਾ ਬਿੱਲ ਹਜ਼ਾਰਾਂ ਰੁਪਏ ਆਉਂਦਾ ਹੈ। ਇਸ ਮੌਕੇ ਘਰਾਚੋਂ ਪਿੰਡ ‘ਚ ਬਿਜਲੀ ਕਮੇਟੀ ਗਠਿਤ ਕੀਤੀ ਗਈ। ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਪਿੰਡਾਂ ‘ਚ ਬਿਜਲੀ ਕਮੇਟੀਆਂ ਦਾ ਗਠਨ ਕਰੇਗੀ, ਜੋ ਲੋਕਾਂ ਦੇ ਨਾਜਾਇਜ਼, ਮਹਿੰਗੇ ਅਤੇ ਗ਼ਲਤ ਬਿੱਲ ਸਹੀ ਕਰਾਉਣ ਲਈ ਬਿਜਲੀ ਅਧਿਕਾਰੀਆਂ ਨਾਲ ਗੱਲ ਕਰੇਗੀ ਅਤੇ ਲੋੜ ਪੈਣ ‘ਤੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।

ਮਾਨ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਸੱਚੀਂ ਪੰਜਾਬ ਦੇ ਲੋਕਾਂ ਦੇ ਮੁੱਦਈ ਹੁੰਦੇ ਤਾਂ ਉਹ ਬਾਦਲਾਂ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਘਪਲੇਬਾਜ਼ੀ ਸਮਝੌਤਿਆਂ ਦੀ ਜਾਂਚ ਕਾਰਵਾਉਂਦੇ। ਸੂਬੇ ਦੇ ਲੋਕਾਂ ਦੀ ਲੁੱਟ ਰੋਕਣ ਲਈ ਸਮਝੌਤੇ ਰੱਦ ਕੀਤੇ ਜਾਂਦੇ, ਮਤਾ ਵਿਧਾਨ ਸਭਾ ‘ਚ ਲਿਆ ਕੇ ਬਾਦਲਾਂ ਸਮੇਤ ਸਭ ਲੁਟੇਰਿਆਂ ‘ਤੇ ਕਾਰਵਾਈ ਕੀਤੀ ਜਾਂਦੀ ਤਾਂ ਆਮ ਆਦਮੀ ਪਾਰਟੀ ਵੀ ਕੈਪਟਨ ਸਰਕਾਰ ਦਾ ਸਵਾਗਤ ਕਰਦੀ ਪਰ ਕੈਪਟਨ ਨੇ ਬਾਦਲਾਂ ਵਾਂਗ ਆਪਣੀ ਹਿੱਸੇਦਾਰੀ ਫਿਕਸ ਕਰ ਲਈ ਅਤੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਰਾਹੀ ਲੁੱਟਣ ਲਈ ਛੱਡ ਦਿੱਤਾ।

ਇਸ ਮੌਕੇ ਮਾਨ ਨੇ ਕਿਹਾ ਕਿ ਦਿੱਲੀ ਵਿਚ ਬਿਜਲੀ ਦੇ ਰੇਟ ਪੂਰੇ ਦੇਸ਼ ਨਾਲੋਂ ਸਸਤੇ ਹਨ। ਦਿੱਲੀ ਵਿਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 1 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਆਉਂਦਾ ਹੈ ਇਸੇ ਤਰ੍ਹਾਂ 200 ਯੂਨਿਟ ਤੋਂ 400 ਯੂਨਿਟ ਤੱਕ ਪ੍ਰਤੀ ਯੂਨਿਟ 2.50 ਰੁਪਏ ਵਸੂਲੇ ਜਾਂਦੇ ਹਨ। ਪਰ ਇੱਧਰ ਪੰਜਾਬ ਵਿੱਚ 100 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 6 ਰੁਪਏ ਪ੍ਰਤੀ ਯੂਨਿਟ ਅਤੇ 300 ਯੂਨਿਟ ਖਪਤ ਤੇ 8.50 ਰੁਪਏ ਪ੍ਰਤੀ ਯੂਨਿਟ ਵਸੂਲੇ ਜਾਂਦੇ ਹਨ।

ਦਿੱਲੀ ਆਪਣੇ ਸੂਬੇ ਵਿੱਚ ਬਿਜਲੀ ਦਾ ਉਤਪਾਦਨ ਨਹੀਂ ਕਰਦੀ ਬਲਕਿ ਹੋਰ ਸੂਬਿਆਂ ਤੋਂ ਬਿਜਲੀ ਖ਼ਰੀਦ ਕੇ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਹੀ ਹੈ ਜਦਕਿ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਦੇ ਕਈ ਸਰੋਤ ਹਨ ਅਤੇ ਪੰਜਾਬ ਬਿਜਲੀ ਸਰਪਲੱਸ ਸੂਬਾ ਹੋਣ ਦੀ ਗੱਲ ਵੀ ਕਰਦਾ ਹੈ। ਪਰ ਫਿਰ ਵੀ ਲੋਕਾਂ ਨੂੰ ਹੱਦੋਂ ਮਹਿੰਗੀ ਬਿਜਲੀ ਮਿਲ ਰਹੀ ਹੈ।


LEAVE A REPLY