ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਕੁਤਾਹੀ ਵਰਤਣ ਵਾਲੇ ਪੁਲਿਸ ਮੁਲਜ਼ਮਾਂ ਤੇ ਕੀਤੀ ਗਈ ਵੱਡੀ ਕਾਰਵਾਈ, ਨੌਕਰੀ ਤੋਂ ਕੀਤਾ ਬਾਹਰ


punjab police uniform

ਲੁਧਿਆਣਾ – ਬੀਤੇ ਹਫ਼ਤੇ ਸ਼ਹਿਰ ਦੇ ਲਾਗਲੇ ਪਿੰਡ ਈਸੇਵਾਲ ਵਿੱਚ ਵਾਪਰੇ ਭਿਆਨਕ ਗੈਂਗਰੇਪ ਮਾਮਲੇ ਵਿੱਚ ਲਾਪਰਵਾਹ ਪੁਲਿਸ ਮੁਲਾਜ਼ਮਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਕੁਤਾਹੀ ਵਰਤੋਣ ਵਾਲੇ ਸਹਾਇਕ ਸਬ ਇੰਸਪੈਕਟਰ ਵਿੱਦਿਆ ਰਤਨ ਨੂੰ ਹੁਣ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ ਹੈ ਤੇ ਦੋ ਹੋਰ ਪੁਲਿਸ ਅਧਿਕਾਰੀਆਂ ‘ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਏਐਸਆਈ ਤੋਂ ਇਲਾਵਾ ਇੱਕ ਹੋਰ ਸਹਾਇਕ ਐਸਐਚਓ ਜਰਨੈਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਥਾਣਾ ਮੁਖੀ ਰਾਜਨ ਪਰਮਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਪੜਤਾਲ ਕਰਨ ਬੀਤੇ ਸ਼ਨੀਵਾਰ ਨੂੰ ਦਾਖਾ ਦੇ ਥਾਣੇ ਪਹੁੰਚੀ ਆਈ.ਜੀ. ਨੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਏਐਸਆਈ ਨੇ ਆਪਣੇ ਐਸਐਚਓ ਦਾ ਨਾਂਅ ਵੀ ਲੈ ਦਿੱਤਾ, ਜਿਸ ਮਗਰੋਂ ਉਨ੍ਹਾਂ ਐਤਵਾਰ ਨੂੰ ਤਿੰਨ ਪੁਲਿਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ।

ਜ਼ਿਕਰਯੋਗ ਹੈ ਕਿ ਬੀਤੀ ਨੌਂ ਫਰਵਰੀ ਨੂੰ ਆਪਣੇ ਦੋਸਤ ਨਾਲ ਕਾਰ ਵਿੱਚ ਘੁੰਮਣ ਗਈ ਕੁੜੀ ਨੂੰ ਅਗ਼ਵਾ ਕਰ ਕੇ ਪਿੰਡ ਈਸੇਵਾਲ ਵਿੱਚ ਛੇ ਜਣਿਆਂ ਨੇ ਬਲਾਤਕਾਰ ਕੀਤਾ ਸੀ। ਪੀੜਤ ਧਿਰ ਦਾ ਦੋਸ਼ ਹੈ ਕਿ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਸੀ ਪਰ ਉਨ੍ਹਾਂ ਸ਼ਿਕਾਇਤ ਵੀ ਦਰਜ ਨਹੀਂ ਕੀਤੀ।


LEAVE A REPLY