ਜ਼ਿਲਾ ਲੁਧਿਆਣਾ ਵਿੱਚ ਗਾਂਧੀ ਜੈਯੰਤੀ ਮੌਕੇ ਥਾਂ-ਥਾਂ ਸ਼ਾਂਤੀ ਮਾਰਚਾਂ ਦਾ ਆਯੋਜਨ, ਲੁਧਿਆਣਾ ਵਿਖੇ ਸ਼ਾਂਤੀ ਮਾਰਚ ਵਿੱਚ ਉਮੜਿਆ ਲੋਕਾਂ ਦਾ ਸੈਲਾਬ


ਲੁਧਿਆਣਾ – ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਅੱਜ ਜ਼ਿਲਾ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ‘ਤੇ ਸ਼ਾਂਤੀ ਮਾਰਚਾਂ ਦਾ ਆਯੋਜਨ ਕੀਤਾ ਗਿਆ, ਜਿਨਾਂ ਵਿੱਚ ਹਜ਼ਾਰਾਂ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ। ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸ਼ਾਂਤੀ ਮਾਰਚ ਦੀ ਸ਼ੁਰੂਆਤ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਰਵਾਈ, ਜਦਕਿ ਉਨਾਂ ਨਾਲ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੁਰਿੰਦਰ ਕੁਮਾਰ ਡਾਬਰ, ਸ੍ਰੀ ਸੰਜੇ ਤਲਵਾੜ (ਸਾਰੇ ਵਿਧਾਇਕ), ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਸ੍ਰ. ਅਮਰਜੀਤ ਸਿੰਘ ਬੈਂਸ ਅਤੇ ਸ੍ਰ. ਦਮਨਜੀਤ ਸਿੰਘ ਮਾਨ (ਦੋਵੇਂ ਐੱਸ. ਡੀ. ਐੱਮ.), ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

ਸ਼ਾਂਤੀ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਸੰਖੇਪ ਸੰਬੋਧਨ ਕਰਦਿਆਂ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਅਤੇ ਸੱਚਾਈ ਦੇ ਰਸਤੇ ‘ਤੇ ਚੱਲਦਿਆਂ ਸ਼ਾਂਤੀ ਅਤੇ ਸਦਭਾਵਨਾ ਲਈ ਨਿਰਸਵਾਰਥ ਕੰਮ ਕਰਨ ਬਾਰੇ ਕਿਹਾ ਹੈ। ਅੱਜ ਲੋੜ ਹੈ ਕਿ ਉਨਾਂ ਦੇ ਇਸ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਉਨਾਂ ਸ਼ਹਿਰ ਵਾਸੀਆਂ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਬਣਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਹ ਸ਼ਾਂਤੀ ਮਾਰਚ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਕਾਲਜ ਰੋਡ, ਨਹਿਰੂ ਰੋਜ਼ ਗਾਰਡਨ, ਪੁਲਿਸ ਲਾਈਨ, ਸਮਿੱਟਰੀ ਰੋਡ, ਫੁਹਾਰਾ ਚੌਕ ਹੁੰਦਾ ਹੋਇਆ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਇਆ।

ਲੁਧਿਆਣਾ ਤੋਂ ਇਲਾਵਾ ਜ਼ਿਲੇ ਦੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਸ਼ਾਂਤੀ ਮਾਰਚ ਆਯੋਜਿਤ ਕੀਤੇ ਗਏ। ਜਗਰਾਂਉ ਵਿਖੇ ਸ਼ਾਂਤੀ ਮਾਰਚ ਸਵੇਰੇ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਨਾਨਕਸਰ ਵੱਲ ਨੂੰ ਜਾਂਦਿਆਂ ਮੁੱਖ ਸੜਕ ਤੋਂ ਵਾਪਸ ਨਵੀਂ ਦਾਣਾ ਮੰਡੀ ਵਿਖੇ ਸਮਾਪਤ ਹੋਇਆ। ਖੰਨਾ ਵਿਖੇ ਸ਼ਾਂਤੀ ਮਾਰਚ ਐੱਸ. ਡੀ. ਐਮ. ਦਫ਼ਤਰ ਖੰਨਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕਰ ਲਗਾਉਣ ਉਪਰੰਤ ਮੁੜ ਦਫ਼ਤਰ ਵਿਖੇ, ਸਬ ਡਵੀਜ਼ਨ ਪਾਇਲ ਦਾ ਸ਼ਾਂਤੀ ਮਾਰਚ ਪਿੰਡ ਕੱਦੋਂ ਤੋਂ ਸ਼ੁਰੂ ਹੋ ਕੇ ਪਿੰਡ ਕੋਟਲੀ ਹੁੰਦਾ ਹੋਇਆ ਪਾਇਲ ਵਿਖੇ, ਸਬ ਡਵੀਜ਼ਨ ਸਮਰਾਲਾ ਵਿਖੇ ਸ਼ਾਂਤੀ ਮਾਰਚ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕ ਲਗਾਉਣ ਉਪਰੰਤ ਸਕੂਲ ਵਿਖੇ ਹੀ, ਸਬ ਡਵੀਜ਼ਨ ਰਾਏਕੋਟ ਵਿੱਚ ਸ਼ਾਂਤੀ ਮਾਰਚ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਤੋਂ ਸ਼ੁਰੂ ਹੋ ਕੇ ਹਰੀ ਸਿੰਘ ਨਲੂਆ ਚੌਕ, ਨਗਰ ਕੌਂਸਲ ਦਫ਼ਤਰ, ਮਲੇਰਕੋਟਲਾ ਸੜਕ, ਹਰੀ ਸਿੰਘ ਨਲੂਆ ਚੌਕ ਹੁੰਦਾ ਹੋਇਆ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਸਮਾਪਤ ਹੋਇਆ।


LEAVE A REPLY