ਪਾਕਿਸਤਾਨ ਖਿਲਾਫ ਅਮਰੀਕਾ ਨੇ ਭਾਰਤ ਨਾਲ ਮਿਲਾਇਆ ਹੱਥ


John-Bolton

ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਭਾਰਤ ਵੱਲੋਂ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ‘ਤੇ ਘੇਰਿਆ ਜਾ ਰਿਹਾ ਹੈ। ਭਾਰਤ ਨੂੰ ਸਭ ਤੋਂ ਵੱਡਾ ਸਹਿਯੋਗ ਅਮਰੀਕਾ ਦਾ ਮਿਲਿਆ ਹੈ। ਪਾਕਿਸਤਾਨ ਖਿਲਾਫ ਸਖਤ ਬਿਆਨ ਜਾਰੀ ਕਰਨ ਮਗਰੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ੍ਹ ਬੋਲਟਨ ਨੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਗੱਲ਼ਬਾਤ ਕੀਤੀ ਹੈ।

ਉਨ੍ਹਾਂ ਕਿਹਾ ਹੈ ਕਿ ਅਮਰੀਕਾ ਭਾਰਤ ਦੇ ਆਤਮ ਰੱਖਿਆ ਦੇ ਹੱਕ ਦਾ ਸਮਰਥਨ ਕਰਦਾ ਹੈ। ਇਸ ਮੌਕੇ ਦੋਵਾਂ ਧਿਰਾਂ ਨੇ ਅੱਤਵਾਦ ਖ਼ਿਲਾਫ਼ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ। ਡੋਵਾਲ ਤੇ ਬੋਲਟਨ ਨੇ ਸ਼ੁੱਕਰਵਾਰ ਨੂੰ ਟੈਲੀਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਪਾਕਿ ਨੂੰ ਉਸ ਦੇ ਫ਼ਰਜ਼ਾਂ ਲਈ ਜ਼ਿੰਮੇਵਾਰ ਠਹਿਰਾਉਣ ਤੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਬਾਰੇ ਰੋਕਾਂ ਨੂੰ ਹਟਾਉਣ ਦਾ ਸੰਕਲਪ ਲਿਆ।

ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਕੋਈ ਅੱਖਾਂ ਨਹੀਂ ਦਿਖਾ ਸਕਦਾ। ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਪਾਕਿ ਸਿਰ ਪਾਏ ਜਾਣ ’ਤੇ ਟਿੱਪਣੀ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਜੇ ਭਾਰਤ ਕੋਈ ਸਬੂਤ ਸਾਂਝਾ ਕਰਦਾ ਹੈ ਤਾਂ ਇਸ ਘਟਨਾ ਦੀ ਜਾਂਚ ਵਿਚ ਸਹਿਯੋਗ ਲਈ ਉਹ ਤਿਆਰ ਹਨ।

ਕਾਬਲੇਗੌਰ ਹੈ ਕਿ ਪਾਕਿਸਤਾਨ ਆਧਾਰਤ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਜਰਮਨੀ ਤੋਂ ਇਕ ਵੀਡੀਓ ਸੁਨੇਹਾ ਸਾਂਝਾ ਕਰਦਿਆਂ ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਜਾਂਚ ਤੋਂ ਬਿਨਾਂ ਹੀ ਭਾਰਤ ਹਮਲੇ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ ਲਾਉਣੇ ਸੌਖੇ ਹਨ, ਪਰ ਇਸ ਨਾਲ ਮੁਸ਼ਕਲ ਦਾ ਹੱਲ ਨਹੀਂ ਨਿਕਲੇਗਾ। ਕੁਰੈਸ਼ੀ ਨੇ ਕਿਹਾ ਕਿ ਸੰਸਾਰ ਦੇ ਹੋਰ ਮੁਲਕ ਵੀ ਇਸ ਤਰ੍ਹਾਂ ਦੇ ਵਰਤਾਰੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਪਾਕਿ ਆਪਣੀ ਰਾਖੀ ਕਰਨਾ ਜਾਣਦਾ ਹੈ।


LEAVE A REPLY