31 ਜੁਲਾਈ ਤਕ ਅੰਮ੍ਰਿਤਸਰ ਸਟੇਸ਼ਨ ਹੋਇਆ ਬੰਦ


19 ਜੁਲਾਈ, 2018 ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚਣ ‘ਤੇ ਚੱਲਣ ਵਾਲੀਆਂ ਬਹੁਤੀਆਂ ਟ੍ਰੇਨਾ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਕਈਆਂ ਨੂੰ ਅੰਤਮ ਸਟੇਸ਼ਨ ਅੰਮ੍ਰਿਤਸਰ ‘ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇਗਾ। ਅਜਿਹਾ ਅੰਮ੍ਰਿਤਸਰ ਸਟੇਸ਼ਨ ‘ਤੇ ਇਲੈਕਟ੍ਰੌਨਿਕ ਇੰਟਰਲੌਕਿੰਗ ਦਾ ਕੰਮ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ। ਤਕਰੀਬਨ ਦੋ ਹਫ਼ਤੇ ਰੇਲ ਆਵਾਜਾਈ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਕਫੇ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਮੁਸਾਫਰ ਤੇ ਮਾਲ ਗੱਡੀਆਂ ਦੀ ਆਵਾਜਾਈ ਬੰਦ ਰਹੇਗੀ। ਇਸ ਉਸਾਰੀ ਕਾਰਜ ਨੂੰ 19 ਤੋਂ 24 ਜੁਲਾਈ ਤੇ 25 ਤੋਂ 31 ਜੁਲਾਈ ਤਕ ਦੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉੱਤਰ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਕੁਲਤਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਤੈਅ ਸਮੇਂ ਵਿੱਚ ਇਹ ਕਾਰਜ ਪੂਰਾ ਹੋ ਜਾਵੇਗਾ।

ਜਾਣਕਾਰੀ ਮੁਤਾਬਕ 19 ਤੋਂ 31 ਜੁਲਾਈ ਤਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 27 ਲੰਮੀ ਦੂਰੀ ਤੇ 8 ਛੋਟੀ ਦੂਰੀ ਦੀਆਂ ਰੇਲਾਂ ਰੱਦ ਕੀਤੀਆਂ ਗਈਆਂ ਹਨ। 14 ਰੇਲਾਂ ਦਾ ਅੰਤਮ ਪੜਾਅ ਅੰਮ੍ਰਿਤਸਰ ਦੀ ਥਾਏਂ ਨੇੜਲਾ ਸਟੇਸ਼ਨ ਬਣਾਇਆ ਗਿਆ ਹੈ ਜਦਕਿ ਪੰਜ ਰੇਲਾਂ ਨੂੰ ਅੰਮ੍ਰਿਤਸਰ ਦੇ ਨੇੜਲੇ ਸਟੇਸ਼ਨ ਤੋਂ ਆਪਣੇ ਟਿਕਾਣਿਆਂ ਤਕ ਭੇਜਿਆ ਜਾਵੇਗਾ। ਇਲੈਕਟ੍ਰੌਨਿਕ ਇੰਟਰਲੌਕਿੰਗ ਰੇਲਵੇ ਵਿੱਚ ਸਵੈਚਾਲੀ ਬਿਜਲਈ ਸਿਗਨਲ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ। ਇਹ ਪ੍ਰਣਾਲ਼ੀ ਰੇਲਵੇ ਟ੍ਰੈਕ ‘ਤੇ ਆਵਾਜਾਈ ਨੂੰ ਕਾਬੂ ਵਿੱਚ ਰੱਖਣ ਤੇ ਦੁਰਘਟਨਾ ਘਟਾਉਣ ਵਿੱਚ ਸਹਾਈ ਹੁੰਦਾ ਹੈ।


LEAVE A REPLY