ਜਵੱਦੀ ਪੁਲ ਕੋਲ ਬਿਨਾਂ ਹੈਲਮੇਟ ਪਾਏ ਵਾਹਨ ਸਵਾਰ ਨੌਜਵਾਨ ਨੂੰ ਪੁਲਸ ਨੇ ਰੋਕਿਆ ਤਾਂ ਇੱਟ ਮਾਰ ਕੇ ਏ. ਐੱਸ. ਆਈ. ਦਾ ਪਾਡ਼ਿਆ ਸਿਰ


Traffic Police ASI Injured

ਜਵੱਦੀ ਪੁਲ ਕੋਲ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਡਰਾਈਵਿੰਗ ਦੌਰਾਨ ਹੈਲਮੇਟ ਨਾ ਪਹਿਨਣ ਤੇ ਟ੍ਰੈਫਿਕ ਪੁਲਸ ਨੇ ਰੋਕਿਆ ਤਾਂ ਗੁੱਸੇ ਚ ਆਏ ਨੌਜਵਾਨ ਨੇ ਇੱਟ ਮਾਰ ਕੇ ਟ੍ਰੈਫਿਕ ਵਿਭਾਗ ਦੇ ਏ. ਐੱਸ. ਆਈ. ਦਾ ਸਿਰ ਪਾੜ ਦਿੱਤਾ। ਜ਼ਖਮੀ ਏ. ਐੱਸ. ਆਈ. ਦੀ ਪਛਾਣ ਜਤਿੰਦਰਪਾਲ ਸਿੰਘ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਚ ਲਿਜਾਇਆ ਗਿਆ ਤੇ ਮੁੱਢਲੇ ਇਲਾਜ ਦੌਰਾਨ ਛੁੱਟੀ ਦੇ ਦਿੱਤੀ ਗਈ। ਜਦੋਂਕਿ ਐੱਸ. ਬੀ. ਐੱਸ. ਨਗਰ ਦੀ ਪੁਲਸ ਚੌਕੀ ਨੇ ਦੋਸ਼ੀ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਤਿੰਦਰਪਾਲ ਸਿੰਘ ਮੁਤਾਬਕ ਵੀਰਵਾਰ ਸ਼ਾਮ ਉਹ ਆਪਣੀ ਟੀਮ ਨਾਲ ਜਵੱਦੀ ਨਹਿਰ ਪੁਲ ਕੋਲ ਡਿਊਟੀ ਕਰ ਰਹੇ ਸਨ ਤਾਂ ਸਾਹਮਣਿਓਂ ਆ ਰਹੇ ਇਕ ਨੌਜਵਾਨ ਨੂੰ ਰੋਕਿਆ, ਜਿਸ ਨੇ ਹੈਲਮੇਟ ਨੂੰ ਸਿਰ ਤੇ ਪਹਿਨਣ ਦੀ ਬਜਾਏ ਬਾਂਹ ਚ ਲਟਕਾਇਆ ਹੋਇਆ ਸੀ।

ਜਦੋਂ ਪੁਲਸ ਉਕਤ ਨੌਜਵਾਨ ਦਾ ਚਲਾਨ ਕਰਨ ਲੱਗੀ ਤਾਂ ਉਸ ਦੀ ਪੁਲਸ ਟੀਮ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ ਤੇ ਨੌਜਵਾਨ ਨੇ ਉਨ੍ਹਾਂ ਦੀ ਬਾਂਹ ਤੇ ਹੈਲਮੇਟ ਮਾਰਿਆ, ਜੋ ਟੁੱਟ ਕੇ ਸਡ਼ਕ ਤੇ ਜਾ ਡਿੱਗਾ। ਇਸ ਤੋਂ ਬਾਅਦ ਗੁੱਸੇ ਚ ਆਏ ਨੌਜਵਾਨ ਨੇ ਸਡ਼ਕ ਤੋਂ ਇੱਟ ਚੁੱਕ ਕੇ ਜਤਿੰਦਰਪਾਲ ਸਿੰਘ ਦੇ ਸਿਰ ਚ ਮਾਰੀ। ਏ. ਐੱਸ. ਆਈ. ਦੇ ਹੋਰਨਾਂ ਸਾਥੀਆਂ ਨੇ ਤੁਰੰਤ ਨੌਜਵਾਨ ਨੂੰ ਕਾਬੂ ਕੀਤਾ ਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੇ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾਡ਼ ਮੌਕੇ ਤੇ ਪੁੱਜੇ ਤੇ ਥਾਣਾ ਪੁਲਸ ਨੂੰ ਬੁਲਾ ਕੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਤੇ ਨਾਲ ਹੀ ਜ਼ਖਮੀ ਏ. ਐੱਸ. ਆਈ. ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ। ਦੇਰ ਸ਼ਾਮ ਤੱਕ ਪੁਲਸ ਨੇ ਦੋਸ਼ੀ ਨੌਜਵਾਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ।

  • 719
    Shares

LEAVE A REPLY