ਇਤਿਹਾਸਕ ਡਿਉਢੀ ਢਾਹੁਣ ਮਗਰੋਂ ਬਾਬਾ ਜਗਤਾਰ ਸਿੰਘ ਨੇ ਸਿੱਖ ਸੰਗਤ ਕੋਲੋਂ ਬਿਨਾਂ ਸ਼ਰਤ ਮੰਗੀ ਮੁਆਫ਼ੀ


Baba Jagtar Singh Apologies to Sikh Community for Demolishing Darshani Deori in Taran Taran

ਤਰਨ ਤਾਰਨ – ਇੱਥੋਂ ਦੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਢਾਹ ਮਗਰੋਂ ਸਿੱਖ ਸੰਗਤਾ ਦੇ ਰੋਹ ਨੂੰ ਵੇਖਦਿਆਂ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਨੇ ਸਿੱਖ ਸੰਗਤ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਡੇਰਾ ਬਾਬਾ ਜਗਤਾਰ ਸਿੰਘ ਦੇ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਨੇ ਡੇਰੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰੇ ਵੱਲੋਂ ਦਰਸ਼ਨੀ ਡਿਉਢੀ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 550 ਅਨੁਸਾਰ 12 ਜੁਲਾਈ, 2018 ਨੂੰ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਇਸ ਬਾਰੇ ਸਿੱਖ ਸੰਗਤ ਵੱਲੋਂ ਰੋਸ ਜ਼ਾਹਰ ਕੀਤਾ ਗਿਆ, ਜਿਸ ਕਰਕੇ ਉਹ ਸਿੱਖ ਸੰਗਤਾਂ ਕੋਲੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਪੁਰਾਤਨ ਇਮਾਰਤ ਦੀ ਸੇਵਾ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਿੱਖ ਸੰਗਤਾਂ ਤੇ ਸੰਪਰਦਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਸੇਵਾ ਦਾ ਕਾਰਜ ਸ਼ੁਰੂ ਕਰਨਗੇ।

ਉਧਰ, ਮਾਮਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਕੋਲੋਂ ਰਿਪੋਰਟ ਮੰਗੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਨੁਕਸਾਨੀ ਇਮਾਰਤ ਦੇ ਹਿੱਸੇ ਦੀ ਮੁਰੰਮਤ ਤੇ ਇਸ ਦੀ ਸਾਂਭ-ਸੰਭਾਲ ਕਾਰ ਸੇਵਾ ਦੀ ਥਾਂ ਖੁਦ ਕੰਮ ਕਰਾਉਣ ਦਾ ਫ਼ੈਸਲਾ ਕੀਤਾ ਹੈ।

ਯਾਦ ਰਹੇ ਬੀਤੇ ਦਿਨ ਇਸ ਪੁਰਾਤਨ ਇਮਾਰਤ ਨੂੰ ਰਾਤ ਵੇਲੇ ਢਾਹੁਣ ਦਾ ਯਤਨ ਕੀਤਾ ਗਿਆ ਸੀ। ਇਸ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਤੇ ਮੁਅੱਤਲੀ ਦੌਰਾਨ ਉਸ ਨੂੰ ਹਰਿਆਣਾ ਸਥਿਤ ਜੀਂਦ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਇਸ ਸਬੰਧੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ। ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


LEAVE A REPLY