ਸੁਪਰੀਮ ਕੋਰਟ ਨੇ ਵਿਆਹ ਵਿਵਾਦਾਂ ਤੇ ਦਹੇਜ ਦੇ ਝਗੜਿਆਂ ਤੇ ਸੁਣਾਇਆ ਵੱਡਾ ਫੈਸਲਾ


supreme court

ਵਿਆਹ ਸਬੰਧੀ ਵਿਵਾਦਾਂ ਤੇ ਦਹੇਜ ਹੱਤਿਆਵਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹ ਸਬੰਧੀ ਵਿਵਾਦਾਂ ਤੇ ਦਹੇਜ ਹੱਤਿਆਵਾਂ ‘ਚ ਜਦੋਂ ਤੱਕ ਪਤੀ ਦੇ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਨਾ ਹੋਵੇ, ਉਦੋਂ ਤੱਕ ਉਨ੍ਹਾਂ ਨੂੰ ਮਾਮਲੇ ‘ਚ ਨਾਮਜ਼ਦ ਨਾ ਕੀਤਾ ਜਾਵੇ। ਜਸਟਿਸ ਐਸਏ ਬੋਬਡੇ ਤੇ ਐਲ ਨਾਗੇਸ਼ਵਰ ਰਾਵ ਦੀ ਬੈਂਚ ਨੇ ਅਦਾਲਤ ਦੇ ਇਸ ਫੈਸਲੇ ‘ਚ ਪਤੀ ਦੇ ਦੂਰ ਦੇ ਰਿਸ਼ਤੇਦਾਰਾਂ ਖਿਲਾਫ ਕਾਰਵਾਈ ‘ਚ ਚੇਤੰਨ ਰਹਿਣ ਲਈ ਕਿਹਾ ਹੈ।

ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਦੇ ਮਾਮਿਆਂ ਵੱਲੋਂ ਦਾਇਰ ਪਟੀਸ਼ਨ ਸਵੀਕਾਰ ਕੀਤੀ ਜਿਨ੍ਹਾਂ ਨੇ ਹੈਦਰਾਬਾਦ ਹਾਈਕਰੋਟ ਦੇ ਜਨਵਰੀ 2016 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸ ਫੈਸਲੇ ‘ਚ ਹਾਈਕਰੋਟ ਨੇ ਵਿਆਹ ਵਿਵਾਦ ਮਾਮਲੇ ‘ਚ ਉਨ੍ਹਾਂ ਖਿਲਾਫ ਅਪਰਾਧਕ ਕਾਰਵਾਈ ਖਤਮ ਕਰਨ ਦੀ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

ਬੈਂਚ ਨੇ ਇਸ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਜਦੋਂ ਤੱਕ ਪਤੀ ਦੇ ਰਿਸ਼ਤੇਦਾਰਾਂ ਦੀ ਅਪਰਾਧ ‘ਚ ਸ਼ਮੂਲੀਅਤ ਸਪਸ਼ਟ ਨਾ ਹੋਵੇ ਉਦੋਂ ਸਿਰਫ ਦੋਸ਼ਾਂ ਦੇ ਆਧਾਰ ‘ਤੇ ਰਿਸ਼ਤੇਦਾਰਾਂ ਨੂੰ ਨਾਮਜ਼ਦ ਨਹੀਂ ਕੀਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ ਕਿ ਮਾਮਲੇ ‘ਚ ਦਾਇਰ ਦੋਸ਼ ਪੱਤਰਾਂ ‘ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਦਾ ਨਜ਼ਰੀਆ ਹੈ ਕਿ ਵਿਵਾਹਿਤ ਮਹਿਲਾ ਨਾਲ ਅਪਰਾਧਕ ਸਾਜ਼ਸ਼, ਧੋਖਾਧੜੀ ਤੇ ਅਗਵਾ ਕਰਨ ਦੇ ਦੋਸ਼ਾਂ ‘ਚ ਪਤੀ ਦੇ ਮਾਮਿਆਂ ਖਿਲਾਫ ਮਾਮਲਾ ਪਹਿਲੀ ਨਜ਼ਰੇ ਨਹੀਂ ਬਣਦਾ। ਦਰਅਸਲ ਇਸ ਮਾਮਲੇ ‘ਚ ਸ਼ਿਕਾਇਤਕਰਤਾ ਨੇ ਆਪਣੇ ਪਤੀ ਤੇ ਉਸਦੇ ਮਾਮਿਆਂ ਸਮੇਤ ਪਰਿਵਾਰਕ ਮੈਂਬਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।


LEAVE A REPLY