ਪੰਜਾਬ ਸਰਾਕਰ ਵਲੋਂ ਪੰਜਾਬੀਆਂ ਦੀ ਜੇਬ ਤੇ ਚਲਾਈ ਗਈ ਹੋਰ ਕੈਂਚੀ, ਮਹਿੰਗਾ ਹੋਇਆ ਬੱਸ ਦਾ ਸਫਰ


Punjab Roadways

ਕੈਪਟਨ ਸਰਕਾਰ ਨੇ ਪੰਜਾਬੀਆਂ ਦੇ ਜੇਬ ‘ਤੇ ਹੋਰ ਬੋਝ ਪਾ ਦਿੱਤਾ ਹੈ। ਇਸ ਵਾਰ ਸੱਤ ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ਼ ਬੱਸ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਇਸ ਸਾਲ ਵਿੱਚ ਤੀਜੀ ਵਾਰ ਬੱਸ ਕਿਰਾਇਆ ਵਧਾਇਆ ਹੈ। ਪਹਿਲਾਂ ਫਰਵਰੀ ਵਿੱਚ ਦੋ ਪੈਸੇ ਤੇ ਜੂਨ ਵਿੱਚ ਛੇ ਪੈਸੇ ਵਧੇ ਸਨ। ਇਸ ਤਰ੍ਹਾਂ ਸਾਲ ਵਿੱਚ ਪੰਦਰਾਂ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਇਆ ਹੈ।

ਤਾਜ਼ਾ ਵਾਧੇ ਨਾਲ ਆਮ ਬੱਸ ਕਿਰਾਇਆ ਹੁਣ 110 ਪੈਸੇ ਤੋਂ ਵਧ ਕੇ 117 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਸ ਨਾਲ ਪੀਆਰਟੀਸੀ ਨੂੰ ਰੋਜ਼ਾਨਾ ਦਾ 7.71 ਲੱਖ ਰੁਪਏ ਦਾ ਲਾਭ ਹੋਵੇਗਾ ਪਰ ਲੋਕਾਂ ’ਤੇ ਲੱਖਾਂ ਰੁਪਏ ਦਾ ਵਿੱਤੀ ਬੋਝ ਪਵੇਗਾ ਕਿਉਂਕਿ ਇਹ ਵਾਧਾ ਪੀਆਰਟੀਸੀ ਸਮੇਤ ਪ੍ਰਾਈਵੇਟ ਬੱਸਾਂ ਵਿਚ ਵੀ ਹੋਇਆ ਹੈ।

ਇਸ ਵਾਧੇ ਨਾਲ ਐਚਵੀਏਸੀ ਬੱਸਾਂ ਦਾ ਕਿਰਾਇਆ 132 ਤੋਂ ਵਧ ਕੇ 140.40 ਪੈਸੇ ਹੋ ਗਿਆ ਹੈ। ਇਹ ਆਮ ਕਿਰਾਏ (117 ਪੈਸੇ) ਦਾ ਵੀਹ ਫੀਸਦੀ ਵਧਦਾ ਹੈ।ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ 198 ਤੋਂ 210 ਪੈਸੇ ਹੋ ਗਿਆ ਜੋ ਆਮ ਕਿਰਾਏ ਦਾ ਅੱਸੀ ਫੀਸਦੀ ਵਧਦਾ ਹੈ ਜਦਕਿ ਸੁਪਰ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ ਆਮ ਕਿਰਾਏ ਦਾ ਸੌ ਫੀਸਦੀ ਵਧ ਕੇ ਦੁੱਗਣਾ, ਭਾਵ 234 ਪੈਸੇ ਹੋ ਗਿਆ ਹੈ।

ਕਾਬਲੇਗੌਰ ਹੈ ਕਿ ਪੀਆਰਟੀਸੀ ਦੀਆਂ 1073 ਬੱਸਾਂ ਰੋਜ਼ਾਨਾ ਪੰਜਾਬ ਵਿਚ 3 ਲੱਖ ਕਿਲੋਮੀਟਰ ਤੇ ਪੰਜਾਬ ਤੋਂ ਬਾਹਰ 53 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਦੀਆਂ ਹਨ ਜਿਸ ਦੌਰਾਨ 90 ਹਜ਼ਾਰ ਲਿਟਰ ਡੀਜ਼ਲ ਦੀ ਰੋਜ਼ਾਨਾ ਖਪਤ ਹੁੰਦੀ ਹੈ। ਕਾਰਪੋਰੇਸ਼ਨ ਦੀ ਰੋਜ਼ਾਨਾ ਦੀ ਆਮਦਨ 1.41 ਕਰੋੜ ਰੁਪਏ ਹੈ। ਐਮ.ਡੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਕਿਰਾਇਆ ਵਧਣ ਨਾਲ਼ ਕਾਰਪੋਰੇਸ਼ਨ ਦੀ ਆਮਦਨ ਰੋਜ਼ਾਨਾ 7.71 ਲੱਖ ਰੁਪਏ ਵਧੇਗੀ ਜਿਸ ਨਾਲ਼ ਡੀਜ਼ਲ ਕੀਮਤਾਂ ’ਚ ਵਾਧੇ ਕਾਰਨ ਪੈ ਰਿਹਾ ਘਾਟਾ ਪੂਰਾ ਹੋਵੇਗਾ।


LEAVE A REPLY