ਪੇਪਰ ਲੀਕੇਜ ਦੇ ਮਾਮਾਲੇਆਂ ਨੂੰ ਰੋਕਣ ਲਈ ਸੀ. ਬੀ. ਐੱਸ. ਈ. ਪ੍ਰੀਖਿਆ ਕੇਂਦਰਾਂ ਚ ਆਨ-ਲਾਈਨ ਪ੍ਰਸ਼ਨ ਪੱਤਰ ਭੇਜਣ ਦੀ ਤਿਆਰੀ ਵਿੱਚ


Online Exams

ਲੁਧਿਆਣਾ – ਇਸੇ ਸਾਲ ਹੋਈਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸਾਹਮਣੇ ਆਏ ਪੇਪਰ ਲੀਕੇਜ ਦੇ ਕੇਸਾਂ ਤੋਂ ਬਾਅਦ ਦੇਸ਼ ਭਰ ਵਿਚ ਹੋਈ ਕਿਰਕਿਰੀ ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਬਕ ਲੈ ਲਿਆ ਹੈ। ਬੋਰਡ ਨੇ ਇਸ ਵਾਰ ਪੇਪਰਾਂ ਸਬੰਧੀ ਕੁਝ ਸਖਤ ਕਦਮ ਵੀ ਚੁੱਕੇ ਹਨ ਤਾਂ ਜੋ ਅਜਿਹੇ ਕੇਸ ਮੁਡ਼ ਨਾ ਵਾਪਰਨ। ਪਿਛਲੇ ਸਿੱਖਿਅਕ ਸੈਸ਼ਨ ਚ ਪੇਪਰ ਲੀਕ ਵਰਗੀਆਂ ਘਟਨਾਵਾਂ ਤੋਂ ਬਾਅਦ ਕੇਂਦਰ ਸਰਕਾਰ ਦੀ ਸਖਤੀ ਕਾਰਨ ਇਸ ਵਾਰ ਦੀਆਂ ਪ੍ਰੀਖਿਆਵਾਂ ਚ ਪ੍ਰਸ਼ਨ-ਪੱਤਰ ਆਨ-ਲਾਈਨ ਹੀ ਪ੍ਰੀਖਿਆ ਕੇਂਦਰਾਂ ਵਿਚ ਭੇਜੇ ਜਾਣੇ ਹਨ। ਇਸੇ ਸਾਲ ਮਾਰਚ ਵਿਚ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਦੇ ਪ੍ਰਸ਼ਨ ਪੱਤਰ ਇਕ ਦਿਨ ਬਾਅਦ ਹੀ ਲੀਕ ਹੋ ਗਏ ਸਨ। ਇਨ੍ਹਾਂ ਵਿਚ 27 ਮਾਰਚ ਨੂੰ 12ਵੀਂ ਦੇ ਅਰਥ ਸ਼ਾਸਤਰ ਦਾ ਪੇਪਰ ਲੀਕ ਹੋਇਆ ਤਾਂ 28 ਮਾਰਚ ਨੂੰ 10ਵੀਂ ਦਾ ਗਣਿਤ ਦਾ ਪੇਪਰ ਕਈ ਸ਼ਹਿਰਾਂ ਚ ਲੀਕ ਹੋਇਆ ਸੀ। ਇਸ ਤੋਂ ਬਾਅਦ ਬੋਰਡ ਨੇ ਅਪ੍ਰੈਲ ਵਿਚ ਪ੍ਰੀਖਿਆ ਮੁਡ਼ ਲਈ ਸੀ।

ਪਾਸਵਰਡ ਲਾਉਣ ਤੇ ਹੀ ਖੁੱਲ੍ਹਣਗੇ ਪ੍ਰਸ਼ਨ-ਪੱਤਰ

ਸੀ. ਬੀ. ਐੱਸ. ਈ. ਮੁਤਾਬਕ ਪਹਿਲਾਂ ਤਾਂ ਹੁਣ ਤੱਕ ਬੈਂਕਾਂ ਦੇ ਲਾਕਰ ਵਿਚ ਪ੍ਰਸ਼ਨ-ਪੱਤਰ ਰੱਖਵਾਏ ਜਾਂਦੇ ਸਨ ਪਰ ਇਸ ਵਾਰ ਪ੍ਰਕਿਰਿਆ ਵਿਚ ਕੁਝ ਬਦਲਾਅ ਕੀਤਾ ਗਿਆ ਹੈ। ਹੁਣ ਆਨ-ਲਾਈਨ ਲਾਕਰ ਵਿਚ ਪ੍ਰਸ਼ਨ ਪੱਤਰ ਰੱਖੇ ਰਹਿਣਗੇ। ਇਸ ਨੂੰ ਖੋਲ੍ਹਣ ਲਈ ਬੋਰਡ ਬਾਕਾਇਦਾ ਪਾਸਵਰਡ ਅਤੇ ਕੋਡ ਪ੍ਰੋਟੈਕਟਿਡ ਭੇਜੇਗਾ। ਇਸ ਪੇਪਰ ਦਾ ਆਨ-ਲਾਈਨ ਕੋਡ ਪ੍ਰਿੰਸੀਪਲ ਕੋਲ ਐਗਜ਼ਾਮ ਸ਼ੁਰੂ ਹੋਣ ਤੋਂ 2 ਘੰਟਿਆਂ ਪਹਿਲਾਂ ਆਵੇਗਾ। ਪ੍ਰੀਖਿਆ ਕੇਂਦਰਾਂ ਨੂੰ ਨਿਰਧਾਰਤ ਸਮੇਂ ਚ ਪੂਰੇ ਪ੍ਰਸ਼ਨ-ਪੱਤਰ ਆਉਣਾ ਅਤੇ ਉਸ ਦਾ ਪ੍ਰਿੰਟ ਆਊਟ ਕੱਢ ਕੇ ਪ੍ਰੀਖਿਆਵਾਂ ਵਿਚ ਵੰਡਣਾ ਸਕੂਲਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।

ਪਹਿਲੇ ਪਡ਼ਾਅ ਚ ਘੱਟ ਗਿਣਤੀ ਵਾਲੇ ਵਿਦਿਆਰਥੀਆਂ ਦੇ ਵਿਸ਼ਿਆਂ ਦੀ ਚੋਣ

ਬੋਰਡ ਵਲੋਂ ਕੀਤੇ ਗਏ ਬਦਲਾਵਾਂ ਵਿਚ ਇਸ ਵਾਰ ਕਲਾਸ 10ਵੀਂ ਅਤੇ 12ਵੀਂ ਦੇ ਪ੍ਰਸ਼ਨ ਪੱਤਰ ਬੰਦ ਪੈਕੇਟ ਵਿਚ ਨਹੀਂ, ਸਗੋਂ ਆਨ-ਲਾਈਨ ਸਿੱਧੇ ਪ੍ਰਿੰਸੀਪਲਾਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲੇ ਪਡ਼ਾਅ ਵਿਚ ਫਿਲਹਾਲ ਹੁਣ ਉਨ੍ਹਾਂ ਵਿਸ਼ਿਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ। ਹਾਲਾਂਕਿ ਮੁੱਖ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨ-ਲਾਈਨ ਭੇਜੇ ਜਾਣਗੇ ਜਾਂ ਨਹੀਂ, ਇਸ ਨੂੰ ਲੈ ਕੇ ਬੋਰਡ ਸਕੂਲਾਂ ਵਿਚ ਟ੍ਰਾਇਲ ਕਰ ਰਿਹਾ ਹੈ। ਜੇਕਰ ਇਹ ਯਤਨ ਵੀ ਸਫਲ ਰਿਹਾ ਤਾਂ ਕਈ ਮੁੱਖ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਵੀ ਆਨਲਾਈਨ ਹੀ ਸਕੂਲ ਕੋਲ ਆਉਣਗੇ। ਉਕਤ ਯੋਜਨਾ ਦੇ ਪੂਰਨ ਰੂਪ ਨਾਲ ਲਾਗੂ ਹੁੰਦਿਆਂ ਹੀ ਸਕੂਲ ਸਟਾਫ ਨੂੰ ਵੀ ਬੈਂਕਾਂ ਤੋਂ ਪ੍ਰਸ਼ਨ-ਪੱਤਰ ਲੈਣ ਜਾਣ ਦੇ ਚੱਕਰਾਂ ਤੋਂ ਰਾਹਤ ਮਿਲੇਗੀ।


LEAVE A REPLY