ਜੈਨ ਸਮਾਜ ਦਾ ਰਾਸ਼ਟਰ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ-ਸੁੰਦਰ ਸ਼ਾਮ ਅਰੋੜਾ


ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਲੁਧਿਆਣਾ ਵਿਖੇ ਜੈਨ ਸਮਾਜ ਦੇ ਧਾਰਮਿਕ ਸਮਾਗਮ ‘ਸਰਵ ਮੰਗਲ ਚਾਤੁਰਮਾਸ-2018’ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਜੈਨ ਸਮਾਜ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਦਬ ਅਤੇ ਸਤਿਕਾਰ ਭੇਟ ਕੀਤਾ। ਸਮਾਗਮ ਵਿੱਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਸ੍ਰ. ਕੁਲਬੀਰ ਸਿੰਘ ਜ਼ੀਰਾ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਦੈਨਿਕ ਸਵੇਰਾ ਗਰੁੱਪ ਦੇ ਪ੍ਰਮੁੱਖ ਸ੍ਰੀ ਸ਼ੀਤਲ ਵਿੱਜ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਅੱਜ ਜੈਨ ਧਰਮ ਦੇ ਆਗੂ ਸ੍ਰੀ ਗੱਛਾਦਪਤੀ ਸ੍ਰੀਮਦ ਵਿਜੇ ਨਿਤਿਆਨੰਦ ਸੁਰੀਸ਼ਵਰ ਜੀ ਅਤੇ ਉਨਾਂ ਦੇ ਪੈਰੋਕਾਰਾਂ ਨੇ 22 ਸਾਲ ਬਾਅਦ ਮੁੜ ਲੁਧਿਆਣਾ ਦੀ ਧਰਤੀ ‘ਤੇ ਪਧਾਰ ਕੇ ਇਸ ਪੰਜਾਬ ਦੀ ਧਰਤੀ ਨੂੰ ਹੋਰ ਵੀ ਰੁਸ਼ਨਾ ਦਿੱਤਾ ਹੈ।

ਉਨਾਂ ਕਿਹਾ ਕਿ ਜੈਨ ਸਮਾਜ ਦਾ ਰਾਸ਼ਟਰ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ ਹੈ। ਪੰਜਾਬ ਸਰਕਾਰ ਸਮੁੱਚੇ ਜੈਨ ਸਮਾਜ ਦਾ ਬਹੁਤ ਸਤਿਕਾਰ ਕਰਦੀ ਹੈ। ਜੈਨ ਧਰਮ ਦੇ ਵਿਚਾਰਾਂ ਵਿੱਚ ਹਰੇਕ ਸਮਾਜ ਦੇ ਵਿਕਾਸ ਦਾ ਰਾਹ ਦਰਸਾਇਆ ਗਿਆ ਹੈ। ਉਨਾਂ ਪੰਜਾਬ ਸਰਕਾਰ ਵੱਲੋਂ ਵਚਨਬੱਧਤਾ ਪ੍ਰਗਟਾਈ ਕਿ ਜੈਨ ਸਮਾਜ ਦੀ ਉੱਨਤੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸ੍ਰੀ ਅਰੋੜਾ ਨੇ ਜੈਨ ਸਮਾਜ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ ਲਈ ਆਪਣਾ ਯੋਗਦਾਨ ਪਾਉਣ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਅਤੇ ਸ੍ਰ. ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੱਛਾਦਪਤੀ ਸ੍ਰੀਮਦ ਵਿਜੇ ਨਿਤਿਆਨੰਦ ਸੁਰੀਸ਼ਵਰ ਜੀ ਨੂੰ ਪੰਜਾਬ ਪਧਾਰਨ ‘ਤੇ ਰਾਜ ਮਹਿਮਾਨ ਦਾ ਦਰਜਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ 4 ਮਹੀਨੇ ਤੱਕ ਲੁਧਿਆਣਾ ਵਿਖੇ ਚੱਲਣ ਵਾਲੇ ਇਸ ਸਮਾਗਮ ਵਿੱਚ ਸੰਗਤ ਆਤਮਿਕ ਆਨੰਦ ਪ੍ਰਾਪਤ ਕਰੇਗੀ। ਇਸ ਮੌਕੇ ਉਨਾਂ ਦੇਸ਼ ਵਿਦੇਸ਼ ਤੋਂ ਪਹੁੰਚੀ ਸਾਧ ਸੰਗਤ ਦਾ ਸਵਾਗਤ ਕੀਤਾ ਅਤੇ ਸਮਾਗਮ ਦੌਰਾਨ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਅੱਜ ਸਵੇਰੇ ਸਥਾਨਕ ਘੰਟਾ ਘਰ ਚੌਕ ਤੋਂ ਲੈ ਕੇ ਧਰਮ ਕਮਲ ਹਾਲ ਤੱਕ ਇੱਕ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ। ਸਮਾਗਮ ਨੂੰ ਸ੍ਰੀ ਜਵਾਹਰ ਲਾਲ ਓਸਵਾਲ, ਸ੍ਰੀ ਵਿਨੋਦ ਜੈਨ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।

  • 719
    Shares

LEAVE A REPLY