ਤਕਨਾਲੋਜੀ ਦੇ ਸਹਾਰੇ ਹੁਣ ਕੈਨੇਡਾ ਰਹਿੰਦੇ ਪੰਜਾਬੀ ਵੀ ਕਰ ਸਕਣਗੇ ਦਰਬਾਰ ਸਾਹਿਬ ਦੇ ਦਰਸ਼ਨ, ਜਾਣੋਂ ਕਿਵੇਂ


 

 

ਅੰਮ੍ਰਿਤਸਰ ‘ਚ ਸਥਿਤ ਦਰਬਾਰ ਸਾਹਿਬ ਜਿੱਥੇ ਸਿੱਖ ਧਰਮ ਲਈ ਪਵਿੱਤਰ ਸਥਾਨ ਹੈ, ਉੱਥੇ ਗੋਲਡਨ ਟੈਂਪਲ ਦੁਨੀਆ ਦੇ ਮਹਾਨ ਅਜੂਬਿਆਂ ‘ਚੋਂ ਇੱਕ ਹੈ। ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਤੇ ਹੋਰ ਧਰਮ ਦੇ ਲੋਕਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਇੰਨੇ ਸੌਖੇ ਨਹੀਂ ਹੁੰਦੇ। ਇਸ ਲਈ ਕੈਨੇਡਾ ‘ਚ ਅਜਿਹੀ ਪ੍ਰਦਰਸ਼ਨੀ ਸਥਾਪਤ ਕੀਤੀ ਗਈ ਹੈ, ਜਿਸ ਚ ਹਰਿਮੰਦਰ ਸਾਹਿਬ ਨੂੰ ਮਲਟੀਮੀਡੀਆ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਨਾਲ ਕੋਈ ਵੀ ਇਨਸਾਨ ਗੁਰੂ ਘਰ ਦੇ ਦਰਸ਼ਨ ਕਰ ਸਕਦਾ ਹੈ।

ਇਨ 5 ਦਿ ਗੋਲਡਨ ਟੈਂਪਲ ਐਕਸਪਿਊਰੀਅਮ’ ਦੇ ਨਾਂਅ ਹੇਠ ਇਹ ਖਾਸ ਪ੍ਰਦਰਸ਼ਨੀ ਸਿੱਖ ਰਿਸਰਚ ਇੰਸਟੀਚਿਊਟ, ਪੰਜਾਬ ਡਿਜੀਟਲ ਲਾਈਬ੍ਰੇਰੀ, ਸਿੱਖੜੀ ਤੇ ਪੀਡੀਏ-ਐਚਏਬੀ ਮੀਡੀਆ ਵੱਲੋਂ ਬਰੈਂਪਟਨ ਦੇ ਬ੍ਰਾਮਾਲੀਆ ਸਿਟੀ ਸੈਂਟਰ ਚ ਲਾਈ ਗਈ ਹੈ। ਇਹ ਪ੍ਰਦਰਸ਼ਨੀ 15 ਜੂਨ ਤਕ ਚੱਲੇਗੀ, ਜਿਸ ਚ ਸਿੱਖ ਇਤਿਹਾਸ ਅਤੇ ਧਰਮ ਦੇ ਬਾਰੇ ਰੌਚਕ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਪ੍ਰਦਰਸ਼ਨੀ ਮਾਡਲ ਨੂੰ ਪ੍ਰੋਜੈਕਟਰਜ਼ ਦੀ ਮਦਦ ਨਾਲ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਹੂਬਹੂ ਅਸਲ ਵਾਂਗ ਸਿਰਜਿਆ ਦਿਖਾ ਕੇ ਦਰਸ਼ਨ ਕਰਨ ਵਾਲਿਆਂ ਨੂੰ ਅਸਲ ਵਰਗਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਦੇ ਨਾਲ ਹੀ ਪ੍ਰਦਰਸ਼ਨੀ ਨੂੰ ਦੇਖਣ ਵਾਲੀਆਂ ਲਈ ਪੰਜਾਬੀ ਤੇ ਇੰਗਲਿਸ਼ ਚ ਇੱਕ ਐਪ ਵੀ ਦਿੱਤੀ ਗਈ ਹੈ ਜੋ ਉਨ੍ਹਾਂ ਨੂੰ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਸ਼ਾਨਦਾਰ ਆਧੁਨਿਕ ਮਲਟੀਮੀਡੀਆ ਤਕਨਾਲੋਜੀ ਦਾ ਇਹ ਨਮੂਨਾ 30,000 ਵਰਗ ਫੁੱਟ ਥਾਂ ‘ਤੇ ਤਿਆਰ ਕੀਤਾ ਗਿਆ ਹੈ। ਸਮਾਰਟ ਦੀਵਾਰਾਂ, ਮੋਸ਼ਨ ਸੈਂਸਰ ਕੰਧਾਂ ਅਤੇ 42 ਪ੍ਰੋਜੈਕਟਰਜ਼ ਦੀ ਮਦਦ ਨਾਲ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਮੁੜ ਸਿਰਜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇੱਥੇ ਲੋਕ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਆਧੁਨਿਕ ਅਤੇ ਗਿਆਨਪੂਰਣ ਤਰੀਕੇ ਨਾਲ ਜਾਣ ਸਕਦੇ ਹਨ। ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਦਰਬਾਰ ਸਾਹਿਬ ਤੋਂ ਉਸੇ ਸਮੇਂ ਲਈਆਂ ਤਸਵੀਰਾਂ ਨਾਲ ਹੀ ਡਿਜੀਟਲ ਮਾਡਲ ਤਿਆਰ ਕੀਤਾ ਜਾਂਦਾ ਹੈ। ਕੈਨੇਡਾ ਵਿੱਚ ਵੱਸਦੇ ਸਿੱਖ ਅਤੇ ਹੋਰ ਸਥਾਨਕ ਲੋਕਾਂ ਨੇ ਇਸ ਪ੍ਰਦਰਸ਼ਨੀ ਪ੍ਰਤੀ ਖਾਸਾ ਉਤਸ਼ਾਹ ਦਿਖਾਇਆ ਹੈ।


LEAVE A REPLY