ਬੈਂਸ ਤੇ ਕੀਤਾ ਪਰਚਾ ਰੱਦ ਕਰੋ ਜਾਂ ਭ੍ਰਿਸ਼ਟਾਚਾਰ ਨੂੰ ਦਿਓ ਮਾਨਤਾ – ਲਿੱਪ ਆਗੂ


ਲੁਧਿਆਣਾ – ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਹੈ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿੱਚ ਚੱਲ ਰਹੇ ਗੋਰਖਧੰਦੇ ਦੇ ਜੱਗ ਜਾਹਰ ਹੋਣ ਤੋਂ ਬਾਅਦ ਇਸ ਦਾ ਖੁਲਾਸਾ ਕਰਨ ਵਾਲੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਤੇ ਹੀ ਪਰਚਾ ਦਰਜ ਕਰਨ ਨਾਲ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਤੇ ਸਰਕਾਰ ਨਹੀਂ ਚਾਹੁੰਦੀ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਹੋਵੇ। ਉਕਤ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਭਰੀ ਸਲਾਹ ਦਿੱਤੀ ਕਿ ਜਾਂ ਤਾਂ ਵਿਧਾਇਕ ਬੈਂਸ ਖਿਲਾਫ ਮਾਮਲਾ ਰੱਦ ਕੀਤਾ ਜਾਵੇ ਅਤੇ ਜਾਂ ਫਿਰ ਭ੍ਰਿਸ਼ਟਾਚਾਰ ਨੂੰ ਮਾਨਤਾ ਦੇ ਦਿੱਤੀ ਜਾਵੇ। ਇਸ ਸਬੰਧੀ ਗੱਲਬਾਤ ਕਰਦਿਆਂ ਪਾਰਟੀ ਆਗੂਆਂ ਚ ਸ਼ਾਮਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਖਾਲਸਾ, ਜਤਿੰਦਰਪਾਲ ਸਿੰਘ ਸਲੂਜਾ ਤੇ ਵਿਪਨ ਸੂਦ ਕਾਕਾ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਤੋਂ ਇਲਾਵਾ ਮੋਹਾਲੀ, ਹੁਸ਼ਿਆਰਪੁਰ, ਜਲੰਧਰ, ਅਮ੍ਰਿਤਸਰ, ਬੱਠਿਡਾ, ਪਟਿਆਲਾ, ਗੁਰਦਾਸਪੁਰ ਤੇ ਹੋਰਨਾਂ ਥਾਵਾਂ ਤੇ ਦੁੱਧ ਦੇ ਪੈਕਟਾਂ ਚ ਫੈਟ ਘੱਟ ਰੱਖ ਕੇ ਸੂਬੇ ਭਰ ਦੇ ਲੋਕਾਂ ਨੂੰ ਰੋਜ਼ਾਨਾ 5 ਰੁਪਏ ਤੋਂ 6.50 ਰੁਪਏ ਤੱਕ ਦੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸ ਨਾਲ ਦੁੱਧ ਮਾਫੀਆ ਹਰ ਸਾਲ 200 ਕਰੋੜ ਰੁਪਏ ਦੀ ਠੱਗੀ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਮਿਲਕ ਪਲਾਂਟ ਜਾ ਕੇ ਖੁਧ ਆਪਣੇ ਸਾਹਮਣੇ ਦੁੱਧ ਚੈੱਕ ਕਰਵਾਇਆ ਤਾਂ ਵੀ ਦੁੱਧ ਵਿੱਚ ਫੈਟ ਘੱਟ ਨਿਕਲੀ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਰਕਾਰ ਦੇ ਇਸ਼ਾਰੇ ਤੇ ਪਲਾਂਟ ਅਧਿਕਾਰੀਆਂ ਵਲੋਂ ਲਿੱਪ ਆਗੂ ਸਿਮਰਜੀਤ ਸਿੰਘ ਬੈਂਸ ਤੇ ਹੋਰਨਾਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ।

ਉਕਤ ਆਗੂਆਂ ਨੇ ਕਿਹਾ ਕਿ ਜਿਸ ਤੋਂ ਸਾਫ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੇ ਸੱਤਾ ਹਾਸਲ ਕਰਨ ਲਈ ਹੀ ਝੂਠ ਦੀ ਆੜ ਲੈਂਦੇ ਹੋਏ ਲੋਕਾਂ ਨੂੰ ਚਾਰ ਹਫਤਿਆਂ ਵਿੱਚ ਸੂਬੇ ਵਿੱਚੋਂ ਨਸ਼ਾ ਖਤਮ ਕਰਨ, ਰੇਤ ਦੀ ਕਾਲਾ ਬਾਜਾਰੀ ਰੋਕਣ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਹੀ ਸੀ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਭ੍ਰਿਸ਼ਟਾਚਾਰੀਆਂ ਅੱਗੇ ਗੋਡੇ ਟੇਕ ਚੁੱਕੀ ਹੈ ਤਾਂ ਸ਼ਰੇਆਮ ਐਲਾਨ ਕਰੇ ਅਤੇ ਭ੍ਰਿਸ਼ਟਾਚਾਰ ਨੂੰ ਸਰਕਾਰੀ ਮਾਨਤਾ ਦੇ ਦੇਵ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਵੀ ਸਰਕਾਰ ਦੀ ਅਸਲੀਅਤ ਦਾ ਪਤਾ ਲੱਗ ਸਕੇ, ਜਿਨ੍ਹਾਂ ਨੇ ਵੋਟਾਂ ਪਾ ਕੇ ਕਾਂਗਰਸ ਸਰਕਾਰ ਨੂੰ ਸੱਤਾ ਤੇ ਬਿਠਾਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਜੇਕਰ ਭ੍ਰਿਸ਼ਟਾਚਾਰ ਨੂੰ ਮਾਨਤਾ ਦੇ ਦਿੱਤੀ ਜਾਵੇ ਤਾਂ ਘੱਟੋ ਘੱਟ ਸੂਬੇ ਵਿਚ ਜਿਹੜੇ ਭ੍ਰਿਸ਼ਟ ਅਧਿਕਾਰੀ ਡਰ ਕੇ ਕੰਮ ਕਰ ਰਹੇ ਹਨ, ਉਹ ਸ਼ਰੇਆਮ ਪੈਸੇ ਲੈ ਕੇ ਲੋਕਾਂ ਦੇ ਕੰਮ ਤਾਂ ਕਰਨਗੇ ਦੂਜੇ ਪਾਸੇ ਜਿਹਨ੍ਹਾਂ ਲੋਕਾਂ ਦੇ ਕੰਮ ਨਹੀਂ ਹੁੰਦੇ ਅਤੇ ਉਹ ਸਰਕਾਰੀ ਦਫਤਰਾਂ ਦੇ ਕਈ ਕਈ ਚੱਕਰ ਮਾਰ ਚੁੱਕੇ ਹਨ, ਉਨ੍ਹਾਂ ਦੇ ਕੰਮ ਵੀ ਹੋ ਜਾਣਗੇ । ਫੋਟੋ- ਜਸਵਿੰਦਰ ਸਿੰਘ ਖਾਲਸਾ, ਜਤਿੰਦਰ ਪਾਲ ਸਿੰਘ ਸਲੂਜਾ, ਸੁਰਿੰਦਰ ਸਿੰਘ ਗਰੇਵਾਲ, ਵਿਪਨ ਸੂਦ ਕਾਕਾ

  • 1
    Share

LEAVE A REPLY