ਕੈਪਟਨ ਦਾ ਵੱਡਾ ਐਲਾਨ: ਆਮ ਚੋਣਾਂ ‘ਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਛੱਡਾਂਗਾ ਮੁੱਖ ਮੰਤਰੀ ਦੀ ਕੁਰਸੀ


 

Captain Amarinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਜੇਕਰ ਸੂਬੇ ਵਿੱਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਹਿੰਦਾ ਤਾਂ ਉਹ ਬਾਕਾਇਦਾ ਇਸ ਦੀ ਜ਼ਿੰਮੇਵਾਰੀ ਲੈਣਗੇ ਤੇ ਅਹੁਦਾ ਛੱਡ ਦੇਣਗੇ। ਕੈਪਟਨ ਨੇ ਨਵਜੋਤ ਕੌਰ ਸਿੱਧੂ ਦੀ ਟਿਕਟ ਕੱਟੇ ਜਾਣ ‘ਤੇ ਸਫਾਈ ਵੀ ਪੇਸ਼ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਲੋਕ ਸਭਾ ਹਲਕਿਆਂ ਵਿੱਚ ਮੌਜੂਦ ਕੈਬਨਿਟ ਮੰਤਰੀਆਂ ਤੇ ਕਾਂਗਰਸੀ ਲੀਡਰਾਂ ਦੀ ਜਵਾਬਦੇਹੀ ਤੈਅ ਕਰਨ ਵਾਲਾ ਨਿਯਮ ਉਨ੍ਹਾਂ ‘ਤੇ ਵੀ ਲਾਗੂ ਹੋਵੇਗਾ। ਕੈਪਟਨ ਨੇ ਕਿਹਾ ਕਿ ਜੇਕਰ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸੂਬੇ ਵਿੱਚ ਸਫਾਇਆ ਹੁੰਦਾ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

Amarinder Singh Twit
ਕੁਝ ਸਮਾਂ ਪਹਿਲਾਂ ਕਾਂਗਰਸ ਨੇ ਫ਼ਤਵਾ ਜਾਰੀ ਕੀਤਾ ਸੀ ਕਿ ਜਿਸ ਲੋਕ ਸਭਾ ਹਲਕੇ ਵਿੱਚੋਂ ਪਾਰਟੀ ਉਮੀਦਵਾਰ ਹਾਰੇਗਾ ਉੱਥੋਂ ਦੇ ਮੰਤਰੀ ਦਾ ਅਹੁਦਾ ਜਾਵੇਗਾ ਅਤੇ ਨਾਲ ਹੀ ਵਿਧਾਇਕਾਂ ਨੂੰ ਅਗਲੀ ਵਾਰ ਟਿਕਟ ਨਹੀਂ ਮਿਲੇਗੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨਵਜੋਤ ਕੌਰ ਸਿੱਧੂ ਦੀ ਚੰਡੀਗੜ੍ਹ ਤੋਂ ਟਿਕਟ ਕੱਟਣ ਪਿੱਛੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ‘ਤੇ ਵੀ ਖ਼ੁਦ ਨੂੰ ਨਿਰਦੋਸ਼ ਦੱਸਿਆ। ਕੈਪਟਨ ਨੇ ਕਿਹਾ ਕਿ ਚੰਡੀਗੜ੍ਹ ਦੀ ਟਿਕਟ ਦੇਣ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਪਵਨ ਬਾਂਸਲ ਬਿਹਤਰ ਉਮੀਦਵਾਰ ਲੱਗੇ ਸਨ। ਕੈਪਟਨ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਜਾਂ ਅੰਮ੍ਰਿਤਸਰ ਤੋਂ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਤੋਂ ਉਨ੍ਹਾਂ ਖ਼ੁਦ ਹੀ ਇਨਕਾਰ ਕਰ ਦਿੱਤਾ ਸੀ।

Amarinder Singh Twit1
ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੇ ਆਪਣੀ ਟਿਕਟ ਕੱਟਣ ਪਿੱਛੇ ਕੈਪਟਨ ਤੇ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਦਾ ਉਨ੍ਹਾਂ ਦੇ ਪਤੀ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਸਮਰਥਨ ਕੀਤਾ ਹੈ।


LEAVE A REPLY