ਬਿਜਲੀ ਦੇ ਖਮਬੇ ਤੋਂ ਟੁੱਟ ਕੇ ਪਾਣੀ ਚ ਡਿੱਗੀ ਬਿਜਲੀ ਦੀ ਤਾਰ ਨੇ ਲਈ ਨਾਬਾਲਗ ਦੀ ਜਾਨ


Child Died with Electric Shock in Ludhiana

ਬੀਤੇ ਦਿਨੀਂ ਕੁਦਰਤ ਵੱਲੋਂ ਵਰਤਾਏ ਗਏ ਕਹਿਰ ਕਾਰਨ ਪਾਣੀ ਚ ਟੁੱਟ ਕੇ ਡਿੱਗੀ ਹੋਈ ਬਿਜਲੀ ਦੀ ਤਾਰ ਕਾਰਨ ਕਰੰਟ ਦੀ ਭੇਟ ਇਕ 16 ਸਾਲਾ ਲਡ਼ਕਾ ਚਡ਼੍ਹ ਗਿਆ, ਜਿਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਮ੍ਰਿਤਕ ਦੀ ਪਛਾਣ ਮਨਜੀਤ ਤਿਵਾਡ਼ੀ ਪੁੱਤਰ ਵਿਸ਼ਵਮਿੱਤਰ ਤਿਵਾਡ਼ੀ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ, ਗਲੀ ਨੰ. 3, ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵਿਸ਼ਵਮਿੱਤਰ ਤਿਵਾਡ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਰ ਸਿੰਘ ਨਗਰ ਵਿਖੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ। 24 ਸਤੰਬਰ ਦੀ ਸ਼ਾਮ ਕਰੀਬ 7 ਵਜੇ ਉਹ ਅਤੇ ਉਸ ਦਾ ਬੇਟਾ ਮਨਜੀਤ ਦੁਕਾਨ ਬੰਦ ਕਰ ਕੇ ਸਕੂਟਰ ਤੇ ਘਰ ਪਰਤ ਰਹੇ ਸਨ। ਜਦੋਂ ਉਹ ਕੈਂਸਰ ਹਸਪਤਾਲ ਦੇ ਨੇਡ਼ੇ ਪੁੱਜੇ ਤਾਂ ਉਥੇ ਸਡ਼ਕ ਤੇ ਖਡ਼੍ਹੇ ਹੋਏ ਪਾਣੀ ਚ ਟੁੱਟ ਕੇ ਡਿੱਗੀ ਬਿਜਲੀ ਦੀ ਤਾਰ ਚ ਉਨ੍ਹਾਂ ਦਾ ਸਕੂਟਰ ਅਚਾਨਕ ਫਸ ਗਿਆ ਅਤੇ ਉਹ ਦੋਵੇਂ ਡਿੱਗ ਗਏ। ਉਸ ਨੂੰ ਕਰੰਟ ਦਾ ਝਟਕਾ ਲੱਗਾ ਤਾਂ ਉਸ ਨੇ ਆਪਣੇ ਬੇਟੇ ਮਨਜੀਤ ਨੂੰ ਆਵਾਜ਼ ਦਿੱਤੀ। ਜਦੋਂ ਮਨਜੀਤ ਭੱਜ ਕੇ ਐਕਟਿਵਾ ਚੁੱਕਣ ਆਇਆ ਤਾਂ ਉਸ ਦੇ ਬੇਟੇ ਨੂੰ ਕਰੰਟ ਨੇ ਆਪਣੀ ਲਪੇਟ ਚ ਲੈ ਲਿਆ, ਜਿਸ ਨੂੰ ਜ਼ੋਰਦਾਰ ਝਟਕਾ ਲੱਗਾ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਮਨਜੀਤ ਨੌਵੀਂ ਜਮਾਤ ਦਾ ਵਿਦਿਆਰਥੀ ਸੀ।

ਐਂਬੂਲੈਂਸ ਨੇ ਲਿਜਾਣ ਤੋਂ ਕੀਤਾ ਇਨਕਾਰ

ਮ੍ਰਿਤਕ ਦੇ ਪਿਤਾ ਵਿਸ਼ਵਮਿੱਤਰ ਨੇ ਦੋਸ਼ ਲਾਇਆ ਕਿ ਮੌਕੇ ਤੇ ਪਹੁੰਚੀ ਐਂਬੂਲੈਂਸ ਦੇ ਕਰਮਚਾਰੀਆਂ ਨੇ ਉਸ ਦੇ ਬੇਟੇ ਨੂੰ ਹਸਪਤਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ, ਜਦਕਿ ਉਸ ਸਮੇਂ ਉਨ੍ਹਾਂ ਦੇ ਬੇਟੇ ਦੇ ਸਾਹ ਚੱਲ ਰਹੇ ਸਨ। ਜੇਕਰ ਐਂਬੂਲੈਂਸ ਉਨ੍ਹਾਂ ਦੇ ਬੇਟੇ ਨੂੰ ਹਸਪਤਾਲ ਲੈ ਜਾਂਦੀ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।

ਪਾਵਰਕਾਮ ਦੀ ਅਣਗਹਿਲੀ ਨਾਲ ਗਈ ਬੱਚੇ ਦੀ ਜਾਨ

ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੇਟੇ ਦੀ ਜਾਨ ਪਾਵਰਕਾਮ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਗਈ ਹੈ। ਜੇਕਰ ਪਾਵਰਕਾਮ ਅਧਿਕਾਰੀਆਂ ਨੇ ਸਮੇਂ ਸਿਰ ਟੁੱਟੀ ਹੋਈ ਬਿਜਲੀ ਦੀ ਤਾਰ ਦੀ ਸਪਲਾਈ ਬੰਦ ਕਰਵਾਈ ਹੁੰਦੀ ਤਾਂ ਇਹ ਹਾਦਸਾ ਹੋਣ ਤੋਂ ਬਚ ਸਕਦਾ ਸੀ।


LEAVE A REPLY