ਅਬਦੁੱਲਾਪੁਰ ਬਸਤੀ ਵਿੱਚ ਹੋਇਆ 2 ਧਿਰਾਂ ਵਿਚਕਾਰ ਟਕਰਾਅ, ਇਕ-ਦੂਜੇ ਤੇ ਜੰਮ ਕੇ ਇੱਟਾਂ ਪੱਥਰ ਵਰ੍ਹਾਏ ਅਤੇ ਹੋਈ ਫਾਇਰਿੰਗ


Clash Between Two Groups

ਲੁਧਿਆਣਾ – ਥਾਣਾ ਮਾਡਲ ਟਾਊਨ ਦੇ ਇਲਾਕੇ ਅਬਦੁੱਲਾਪੁਰ ਬਸਤੀ ਦੀ ਗਲੀ ਨੰ.3 ਚ 2 ਧਿਰਾਂ ਚ ਬੁੱਧਵਾਰ ਨੂੰ ਦੇਰ ਰਾਤ ਟਕਰਾਅ ਹੋ ਗਿਆ। ਦੋਨਾਂ ਧਿਰਾਂ ਦੇ ਲੋਕਾਂ ਨੇ ਇਕ-ਦੂਜੇ ਤੇ ਜੰਮ ਕੇ ਇੱਟਾਂ ਪੱਥਰ ਵਰ੍ਹਾਏ ਤੇ ਫਾਇਰਿੰਗ ਕੀਤੀ। ਝਗੜੇ ਚ ਇਕ ਧਿਰ ਦੇ 2 ਲੋਕ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਚ ਭਰਤੀ ਕਰਵਾਇਆ ਗਿਆ।

ਪਤਾ ਲਗਦਿਆਂ ਹੀ ਏ. ਸੀ. ਪੀ. ਸਰਤਾਜ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਕੁਝ ਮਿੰਟਾਂ ਚ ਪੂਰਾ ਇਲਾਕਾ ਪੁਲਸ ਛਾਉਣੀ ਚ ਤਬਦੀਲ ਹੋ ਗਿਆ। ਦੇਰ ਰਾਤ ਸਮਾਚਾਰ ਲਿਖੇ ਜਾਣ ਤਕ ਪੁਲਸ ਮਾਮਲੇ ਦੀ ਜਾਂਚ ਚ ਜੁਟੀ ਹੋਈ ਸੀ। ਹਸਪਤਾਲ ਚ ਦਾਖਲ ਜ਼ਖਮੀਆਂ ਦੀ ਪਛਾਣ ਮਨਜੀਤ ਸਿੰਘ (33) ਵਾਸੀ ਆਜ਼ਾਦ ਨਗਰ ਤੇ ਗੁਰਚਰਨ ਸਿੰਘ (26) ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਧਿਰ ਦੇ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਰਾਤ 9.30 ਵਜੇ ਉਹ ਦੋਨੋਂ ਮੁਹੱਲੇ ਚੋਂ ਲੰਘ ਰਹੇ ਸਨ ਕਿ ਦੂਜੇ ਧਿਰ ਦੇ ਲੋਕਾਂ ਨੇ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ਤੇ ਹਮਲਾ ਕਰ ਕੇ ਫਾਇਰਿੰਗ ਕਰ ਦਿੱਤੀ। ਮਨਜੀਤ ਸਿੰਘ ਦੇ ਪੇਟ ਤੇ ਗੁਰਚਰਨ ਸਿੰਘ ਦੇ ਪੈਰ ਤੇ ਗੋਲੀ ਲੱਗੀ। ਉਥੇ, ਦੂਜੀ ਧਿਰ ਦੇ ਰੇਸ਼ਮ ਸਿੰਘ ਦਾ ਦੋਸ਼ ਹੈ ਕਿ ਉਹ ਆਪਣੇ ਘਰ ਬਾਹਰ ਖੜ੍ਹਾ ਸੀ, ਉਦੋਂ ਹੀ ਪਹਿਲੀ ਧਿਰ ਦੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਘਰ ਅੰਦਰ ਦਾਖਲ ਹੋ ਕੇ ਆਪਣੀ ਜਾਨ ਬਚਾਈ।

ਮੁਹੱਲੇ ਚ ਦਹਿਸ਼ਤ ਦਾ ਮਾਹੌਲ, ਤੋੜੀਆਂ ਕਾਰਾਂ

ਦੋਨਾਂ ਧਿਰਾਂ ਵਿਚਾਲੇ ਹੋਇਆ ਟਕਰਾਅ ਲਗਭਗ 1 ਘੰਟੇ ਤੱਕ ਚਲਿਆ। ਝਗੜੇ ਚ ਦੋਨਾਂ ਧਿਰਾਂ ਨੇ ਇਕ-ਦੂਜੇ ਤੇ ਖੂਬ ਇੱਟਾਂ-ਪੱਥਰ ਮਾਰੇ ਤੇ ਫਾਇਰ ਵੀ ਕੀਤੇ ਗਏ, ਜਿਸ ਕਾਰਨ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਝਗੜੇ ਦੌਰਾਨ ਮੁਹੱਲੇ ਚ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਕਾਰਾਂ ਵੀ ਨੁਕਸਾਨੀਆਂ ਗਈਆਂ।


LEAVE A REPLY