ਪੰਚਾਇਤੀ ਚੋਣਾਂ ਦਾ ਐਲਾਨ ਜਲਦ – ਸਿਆਸੀ ਪਾਰਟੀਆਂ ਵਲੋਂ ਤਿਆਰੀਆਂ ਤੇਜ਼


Political Parties in Punjab

ਪੰਚਾਇਤੀ ਚੋਣਾਂ ਦਾ ਐਲਾਨ ਅੱਜ ਹੋ ਸਕਦਾ ਹੈ। ਚੋਣਾਂ 29 ਜਾਂ 30 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਵਿੱਚ ਕਰਜ਼ ਮਾਫੀ ਪ੍ਰੋਗਰਾਮ ਹੈ। ਇਸ ਸਮਾਗਮ ਮਗਰੋਂ ਪੰਜਾਬ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਕਰ ਸਕਦਾ ਹੈ।

ਯਾਦ ਰਹੇ ਪੰਜਾਬ ਦੀਆਂ 13 ਹਜ਼ਾਰ ਦੇ ਕਰੀਬ ਪੰਚਾਇਤਾਂ ਸਰਕਾਰ ਨੇ 16 ਜੁਲਾਈ ਨੂੰ ਭੰਗ ਕਰ ਦਿੱਤੀਆਂ ਸਨ। ਨਿਯਮਾਂ ਮੁਤਾਬਕ ਪੰਚਾਇਤਾਂ ਭੰਗ ਕਰਨ ਤੋਂ ਛੇ ਮਹੀਨੇ ਅੰਦਰ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ। ਇਸ ਲਈ ਨਿਯਮਾਂ ਮੁਤਾਬਕ ਭਾਵੇਂ ਚੋਣਾਂ 16 ਜਨਵਰੀ, 2019 ਤੱਕ ਵੀ ਕਰਵਾਈਆਂ ਜਾ ਸਕਦੀਆਂ ਹਨ, ਪਰ ਤਕਨੀਕੀ ਕਾਰਨ ਵੋਟਰ ਸੂਚੀਆਂ ਦਾ ਵੀ ਹੈ, ਕਿਉਂਕਿ 31 ਦਸੰਬਰ ਤੋਂ ਬਾਅਦ ਵੋਟਾਂ ਦੀ ਸੁਧਾਈ ਹੋਣ ਕਰਕੇ ਨਵੀਆਂ ਵੋਟਰ ਸੂਚੀਆਂ ਬਣਨਗੀਆਂ।

ਜੇਕਰ ਅਜਿਹਾ ਅਮਲ ਸ਼ੁਰੂ ਹੁੰਦਾ ਹੈ ਤਾਂ ਇਹ 16 ਜਨਵਰੀ ਤੱਕ ਮੁਕੰਮਲ ਨਹੀਂ ਹੋ ਸਕਦਾ। ਇਸ ਲਈ ਚੋਣਾਂ 29 ਜਾਂ 30 ਦਸੰਬਰ ਨੂੰ ਹੀ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਚੋਣਾਂ ਸਬੰਧੀ ਐਲਾਨ 7 ਦਸੰਬਰ ਨੂੰ ਬਾਅਦ ਦੁਪਹਿਰ ਹੋ ਸਕਦਾ ਹੈ ਜਾਂ ਫਿਰ 8 ਦਸੰਬਰ ਨੂੰ ਹਰ ਹਾਲਤ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਸਰਕਾਰ ਚੋਣਾਂ ਲਈ ਤਿਆਰ ਹੈ ਤੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਚੋਣ ਜ਼ਾਬਤਾ ਲੱਗ ਜਾਂਦਾ ਹੈ।


LEAVE A REPLY