ਰਿਸ਼ੀ ਨਗਰ ਚ ਗਰੀਬਾਂ ਦੇ ਆਸ਼ਿਆਨੇ ਤੇ ਚੱਲਿਆ ਨਿਗਮ ਦਾ ਬੁਲਡੋਜ਼ਰ


Demolition drive organized by mcl at rishi nagar in Ludhiana

ਲੁਧਿਆਣਾ – ਰਿਸ਼ੀ ਨਗਰ ਚ ਸਰਕਾਰੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਦੀ ਟੀਮ ਨੇ ਗਰੀਬਾਂ ਦੇ ਸੈਂਕਡ਼ੇ ਆਸ਼ਿਆਨਿਆਂ ਤੇ ਬੁਲਡੋਜ਼ਰ ਚਲਾ ਦਿੱਤਾ। ਸ਼ਨੀਵਾਰ ਨੂੰ ਹੋਈ ਇਸ ਡਰਾਈਵ ਦੌਰਾਨ ਅਧਿਕਾਰੀਆਂ ਦੀ ਟੀਮ ਨੇ ਭਾਰੀ ਪੁਲਸ ਫੋਰਸ ਦੇ ਨਾਲ ਵਾਈ ਬਲਾਕ ਦੇ ਨਾਲ ਬਣੀਆਂ ਹੋਈਆਂ ਝੁੱਗੀਆਂ ਦੇ ਇਲਾਕੇ ਵਿਚ ਧਾਵਾ ਬੋਲਿਆ, ਜਿੱਥੇ ਕੁਝ ਪੱਕੇ ਢਾਂਚੇ ਵੀ ਬਣੇ ਹੋਏ ਸਨ। ਇਸ ਕਾਰਵਾਈ ਦੀ ਭਿਣਕ ਪੈਂਦੇ ਹੀ ਵੱਡੀ ਗਿਣਤੀ ਚ ਲੋਕ ਮੌਕੇ ਤੇ ਜਮ੍ਹਾ ਹੋ ਗਏ, ਜਿਨ੍ਹਾਂ ਨੇ ਟੀਮ ਨੂੰ ਇਲਾਕੇ ਚ ਦਾਖਲ ਹੋਣ ਤੋਂ ਰੋਕਣ ਲਈ ਵਿਰੋਧ ਕਰਨ ਦਾ ਯਤਨ ਕੀਤਾ ਤਾਂ ਅਧਿਕਾਰੀਆਂ ਨੇ ਸਖਤੀ ਵਰਤਣ ਦਾ ਡਰ ਦਿਖਾਇਆ। ਇਸ ਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਸਾਮਾਨ ਕੱਢਣ ਲਈ ਸਮਾਂ ਦੇਣ ਦੇ ਨਾਲ ਹੀ ਗਿਆਸਪੁਰਾ ਦੇ ਫਲੈਟਾਂ ਚ ਸ਼ਿਫਟ ਹੋਣ ਦੀ ਮੌਹਲਤ ਵੀ ਦਿੱਤੀ ਗਈ। ਇਸ ਤੋਂ ਬਾਅਦ ਟੀਮ ਨੇ ਤਾਬਡ਼ਤੋਡ਼ ਕਾਰਵਾਈ ਕਰਦੇ ਹੋਏ ਉੱਥੇ ਬਣੀਆਂ ਕਰੀਬ ਸੌ ਝੁੱਗੀਆਂ ਅਤੇ ਮਕਾਨਾਂ ਨੂੰ ਮਲਬੇ ਦੇ ਢੇਰ ਵਿਚ ਬਦਲ ਦਿੱਤਾ।

ਇਹ ਹੈ ਵਿਰੋਧ ਕਰਨ ਵਾਲਿਆਂ ਦੀ ਦਲੀਲ

ਝੁੱਗੀਆਂ ਅਤੇ ਮਕਾਨਾਂ ਨੂੰ ਤੋਡ਼ਨ ਦਾ ਵਿਰੋਧ ਕਰ ਰਹੇ ਲੋਕਾਂ ਦੀ ਦਲੀਲ ਸੀ ਕਿ ਉਹ 30 ਸਾਲ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਨੂੰ ਰਾਸ਼ਨ ਕਾਰਡ, ਵੋਟਰ ਕਾਰਡ, ਬਿਜਲੀ ਕੁਨੈਕਸ਼ਨ ਦੀ ਸਹੂਲਤ ਦੇਣ ਦੇ ਨਾਲ ਨਗਰ ਨਿਗਮ ਵਲੋਂ ਉਨ੍ਹਾਂ ਦੇ ਇਲਾਕੇ ’ਚ ਵਿਕਾਸ ਕਾਰਜ ਵੀ ਕਰਵਾਏ ਸਨ। ਜਿੱਥੋਂ ਤੱਕ ਉਨ੍ਹਾਂ ਨੂੰ ਪਲਾਟਾਂ ਚ ਸ਼ਿਫਟ ਕਰਨ ਦੀ ਗੱਲ ਹੈ, ਉਸ ਦੇ ਲਈ ਗਿਆਸਪੁਰਾ ਦੀ ਜਗ੍ਹਾ ਕਿਤੇ ਨੇੜੇ ਸ਼ਿਫਟ ਕਰਨ ਦੀ ਮੰਗ ਨੂੰ ਵੀ ਅਧਿਕਾਰੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਹੈ ਅਫਸਰਾਂ ਦਾ ਦਾਅਵਾ

ਨਗਰ ਸੁਧਾਰ ਟਰੱਸਟ ਦੇ ਅਫਸਰਾਂ ਦਾ ਦਾਅਵਾ ਹੈ ਕਿ ਕਬਜ਼ੇ ਹਟਾਉਣ ਲਈ ਲੋਕਾਂ ਨੂੰ ਬਾਕਾਇਦਾ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਚ ਲੋਕਾਂ ਨੂੰ ਫਲੈਟਾਂ ਵਿਚ ਸ਼ਿਫਟ ਕਰਨ ਦੀ ਪੇਸ਼ਕਸ਼ ਵੀ ਦਿੱਤੀ ਗਈ ਪਰ ਕਈ ਲੋਕਾਂ ਨੇ ਦਸਤਾਵੇਜ਼ ਪੂਰੇ ਨਾ ਕਰਨ ਸਮੇਤ ਹੁਣ ਤੱਕ ਫਲੈਟ ਦੀ ਲਾਗਤ ਦੇ ਬਣਦੇ ਹਿੱਸੇ ਦੀ ਰਕਮ ਜਮ੍ਹਾ ਨਹੀਂ ਕਰਵਾਈ। ਇਸ ਤੋਂ ਇਲਾਵਾ ਕਈ ਲੋਕ ਫਲੈਟ ਅਲਾਟ ਹੋਣ ਦੇ ਬਾਵਜੂਦ ਕਬਜ਼ਾ ਛੱਡਣ ਲਈ ਤਿਆਰ ਨਹੀਂ ਸਨ।

ਕਿਵੇਂ ਸਕੂਲ ਜਾਣਗੇ ਬੱਚੇ

ਲੋਕਾਂ ਵਲੋਂ ਇਹ ਕਹਿ ਕੇ ਸਕੂਲਾਂ ਦੇ ਸੈਸ਼ਨ ਤੋਂ ਬਾਅਦ ਕਬਜ਼ੇ ਹਟਾਉਣ ਦੀ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਬੱਚੇ ਝੁੱਗੀਆਂ ਅਤੇ ਮਕਾਨਾਂ ਦੇ ਨੇਡ਼ੇ ਬਣੇ ਸਕੂਲਾਂ ਵਿਚ ਪਡ਼੍ਹ ਰਹੇ ਹਨ। ਹੁਣ ਜਿਸ ਜਗ੍ਹਾ ਉਨ੍ਹਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ, ਉਹ ਇੱਥੋਂ ਕਈ ਕਿਲੋਮੀਟਰ ਦੂਰ ਹਨ। ਅਜਿਹੇ ਵਿਚ ਬੱਚੇ ਸਕੂਲ ਕਿਵੇਂ ਜਾਣਗੇ।

ਨਗਰ ਨਿਗਮ ਨੇ ਮੁਹੱਈਆ ਕਰਵਾਈ ਮਸ਼ੀਨਰੀ

ਵੈਸੇ ਤਾਂ ਜਿਨ੍ਹਾਂ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ, ਉਹ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਤੇ ਬਣੇ ਹੋਏ ਸਨ ਪਰ ਉਨ੍ਹਾਂ ਨੂੰ ਹਟਾਉਣ ਤੋਂ ਬਾਅਦ ਲੋਕਾਂ ਨੂੰ ਸ਼ਿਫਟ ਕਰਨ ਲਈ ਫਲੈਟ ਨਗਰ ਨਿਗਮ ਵਲੋਂ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਬਜ਼ੇ ਤੋਡ਼ਨ ਲਈ ਮਸ਼ੀਨਰੀ ਵੀ ਨਗਰ ਨਿਗਮ ਵਲੋਂ ਮੁਹੱਈਆ ਕਰਵਾਈ ਗਈ।


LEAVE A REPLY