ਜ਼ਿਲਾ ਚੋਣ ਅਫ਼ਸਰ ਅਤੇ ਚੋਣ ਨਿਗਰਾਨਾਂ ਵੱਲੋਂ ਨਗਰ ਨਿਗਮ ਲੁਧਿਆਣਾ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ


ਲੁਧਿਆਣਾ– 24 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਲੁਧਿਆਣਾ/ਨਗਰ ਕੌਂਸਲ ਚੋਣਾਂ ਸੰਬੰਧੀ ਜ਼ਿਲਾ ਲੁਧਿਆਣਾ ਵਿੱਚ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਚੋਣ ਨਿਗਰਾਨਾਂ ਨੇ ਚੋਣ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਅਤੇ ਚੋਣ ਨਿਗਰਾਨਾਂ ਨੇ ਨਗਰ ਨਿਗਮ ਲੁਧਿਆਣਾ ਦੇ ਨਾਲ-ਨਾਲ ਨਗਰ ਕੌਂਸਲ ਪਾਇਲ ਅਤੇ ਜਗਰਾਂਉ ਦੇ ਇੱਕ-ਇੱਕ ਵਾਰਡ ਦੀ ਚੋਣ ਲਈ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਦਾ ਵੇਰਵਾ ਲਿਆ। ਉਹਨਾਂ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਮਾਡਲ ਕੋਡ ਆਫ ਕੰਡਕਟ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਹਨਾਂ ਚੋਣਾਂ ਨੂੰ ਸੁਚਾਰੂ, ਸੁਚੱਜੇ ਤੇ ਬਿਨਾਂ ਕਿਸੇ ਡਰ, ਭੈਅ ਦੇ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਆਤਮਿਕ ਸ਼ਕਤੀ ਦੀ ਵਰਤੋਂ ਕਰਦਿਆਂ ਨਸ਼ਾ-ਮੁਕਤ ਤੇ ਬਿਨਾਂ ਕਿਸੇ ਪੱਖ-ਪਾਤ ਦੇ ਆਪਣੀ ਚੋਣ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਚੋਣਾਂ ਸਬੰਧੀ ਕੋਈ ਮੁਸ਼ਕਿਲ ਹੋਵੇ ਤਾਂ ਉਹਨਾਂ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਵੱਲੋਂ ਜ਼ਿਲੇ ਅੰਦਰ ਕੀਤੇ ਗਏ ਚੋਣ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕੀਤੀ ਗਈ। ਉਨਾਂ ਹਦਾਇਤ ਕੀਤੀ ਕਿ ਇਨਾਂ ਵੋਟਾਂ ਵਿੱਚ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ ‘ਤੇ ਵੱਧ ਜ਼ੋਰ ਦਿੱਤਾ ਜਾਵੇ। ਇਸ ਤੋਂ ਇਲਾਵਾ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਰਿਟਰਨਿੰਗ ਅਫ਼ਸਰ ਖੁਦ ਪਹੁੰਚ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੇ ਰਹਿਣ ਅਤੇ ਲੋਕਾਂ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਸਾਰੇ ਚੋਣ ਰਿਟਰਨਿੰਗ ਅਫ਼ਸਰਾਂ ਨੇ ਹੁਣ ਤੱਕ ਦੇ ਚੋਣ ਪ੍ਰਬੰਧਾਂ ਲਈ ਕੀਤੇ ਗਏ ਕੰਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਚੋਣ ਨਿਗਰਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਨਾਂ ਚੋਣਾਂ ਦੇ ਕੰਮ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਸਫਲਤਾਪੂਰਵਕ ਤਰੀਕੇ ਨਾਲ ਨੇਪਰੇ ਚੜਾਉਣ ਲਈ ਪੂਰੇ ਚੋਣ ਅਮਲੇ ਸਮੇਤ ਯਤਨਸ਼ੀਲ ਰਹਿਣਗੇ।

ਮੀਟਿੰਗ ਦੌਰਾਨ ਦੱਸਿਆ ਗਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। ਮਿਤੀ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਭਾਵ ਮਿਤੀ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।ਮਿਤੀ 24 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਹੋਵੇਗੀ ।ਦੱਸਣਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।ਇਸ ਮੌਕੇ ਸਾਰੇ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਅਤੇ ਹੋਰ ਹਾਜ਼ਰ ਸਨ।

  • 1
    Share

LEAVE A REPLY