ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲਾ ਪੱਧਰੀ ਅੰਡਰ-14, ਅੰਡਰ-18 ਅਤੇ ਅੰਡਰ-25 ਖੇਡ ਮੁਕਾਬਲੇ 8 ਅਕਤੂਬਰ ਤੋਂ ਕਰਵਾਏ ਜਾਣਗੇ – ਡਿਪਟੀ ਕਮਿਸ਼ਨਰ


ਲੁਧਿਆਣਾ – ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਨੂੰ ਸਮਰਪਿਤ ਲੜਕੇ ਅਤੇ ਲੜਕੀਆਂ ਦੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਅੰਡਰ-14, ਅੰਡਰ-18 ਅਤੇ ਅੰਡਰ-25 ਵਰਗ ‘ਚ 8 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ। ਖੇਡ ਮੁਕਾਬਲਿਆਂ ਦੇ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੜਕੇ-ਲੜਕੀਆਂ ਦੇ ਅੰਡਰ-14 ਵਰਗ ਦੇ ਖੇਡ ਮੁਕਾਬਲੇ 8 ਅਕਤੂਬਰ ਤੋਂ 10 ਅਕਤੂਬਰ ਤੱਕ ਹੋਣਗੇ, ਲੜਕੇ-ਲੜਕੀਆਂ ਦੇ ਅੰਡਰ-18 ਵਰਗ ਦੇ ਖੇਡ ਮੁਕਾਬਲੇ 16 ਅਕਤੂਬਰ ਤੋਂ 18 ਅਕਤੂਬਰ ਤੱਕ ਅਤੇ ਲੜਕੇ-ਲੜਕੀਆਂ ਦੇ ਅੰਡਰ-25 ਵਰਗ ਦੇ ਖੇਡ ਮੁਕਾਬਲੇ 26 ਤੋਂ 28 ਅਕਤੂਬਰ ਨੂੰ ਹੋਣਗੇ।

ਡਿਪਟੀ ਕਮਿਸ਼ਨਰ ਨੇ ਹਾਜ਼ਰ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਕੰਮ ਮੁਕੰਮਲ ਕਰ ਲੈਣ। ਉਹਨਾਂ ਸਿਵਲ ਸਰਜ਼ਨ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਖਿਡਾਰੀਆਂ ਲਈ ਮੁਕਾਬਲੇ ਵਾਲੇ ਸਥਾਨ ‘ਤੇ ਮੈਡੀਕਲ ਟੀਮਾਂ ਅਤੇ ਐਂਬੂਲੈਂਸ ਤਾਇਨਾਤ ਕੀਤੀ ਜਾਵੇ। ਉਹਨਾਂ ਨਗਰ-ਨਿਗਮ ਨੂੰ ਹਦਾਇਤ ਕੀਤੀ ਕਿ ਖੇਡ ਸਥਾਨ ਅਤੇ ਆਲੇ-ਦੁਆਲੇ ਪੂਰਨ ਤੌਰ ‘ਤੇ ਸਫਾਈ ਕਰਵਾਈ ਜਾਵੇ। ਉਹਨਾਂ ਪੁਲਿਸ ਵਿਭਾਗ ਨੂੰ ਖੇਡ ਮੁਕਾਬਲਿਆਂ ਦੌਰਾਨ ਆਵਾਜਾਈ ਅਤੇ ਸੁਰੱਖਿਆ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਹਨਾਂ ਜ਼ਿਲਾ ਖੇਡ ਅਫਸਰ ਨੂੰ ਹਦਾਇਤ ਕੀਤੀ ਕਿ ਖਿਡਾਰੀਆਂ ਲਈ ਪੀਣ ਵਾਲਾ ਸਾਫ ਪਾਣੀ ਅਤੇ ਹੋਰ ਜਰੂਰੀ ਪ੍ਰਬੰਧ ਕੀਤੇ ਜਾਣ।

ਜ਼ਿਲਾ ਖੇਡ ਅਫਸਰ ਸ੍ਰੀ ਰਵਿੰੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਅਤੇ ਵੇਟਲਿਫਟਿੰਗ, ਮਲਟੀਪਰਪਜ਼ ਹਾਲ ਲੁਧਿਆਣਾ ਵਿਖੇ ਕਬੱਡੀ, ਜੂਡੋ, ਜਿਮਨਾਸਟਿਕ, ਕੁਸ਼ਤੀ, ਵਾਲੀਵਾਲ, ਪੀ.ਏ.ਯੂ ਵਿਖੇ ਹਾਕੀ ਅਤੇ ਹੈਂਡਬਾਲ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਿਖੇ ਫੁੱਟਬਾਲ, ਐਮ.ਸੀ ਪੂਲ, ਰੱਖ ਬਾਗ ਵਿਖੇ ਤੈਰਾਕੀ ਅਤੇ ਨਰੇਸ਼ ਚੰਦਰ ਸਟੇਡੀਅਮ ਖੰਨਾ ਜ਼ਿਲਾ ਲੁਧਿਆਣਾ ਵਿਖੇ ਬਾਕਸਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਖਿਡਾਰੀ ਆਪਣਾ ਜਨਮ ਦਾ ਸਬੂਤ (ਜਨਮ ਸਰਟੀਫਿਕੇਟ/ਅਧਾਰ ਕਾਰਡ) ਨਾਲ ਲੈ ਕੇ ਆਉਣ। ਉਹਨਾਂ ਦੱਸਿਆ ਕਿ ਅੰਡਰ-14 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ, ਅੰਡਰ-18 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 2001 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਅੰਡਰ-25 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 1994 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ।


LEAVE A REPLY