ਜ਼ਿਲਾ ਪ੍ਰੀਸ਼ਦ ਪੰਚਾਇਤ ਸੰਮਤੀ ਅਤੇ ਪੰਚਾਇਤ ਚੋਣਾਂ- ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਡਰਾਫ਼ਟ ਪ੍ਰਕਾਸ਼ਨਾ ਮੁਕੰਮਲ


Shena Aggarwal ADC ludhiana

ਲੁਧਿਆਣਾ – ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਜ਼ਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਅਤੇ ਪੰਚਾਇਤ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਜਨਵਰੀ 1, 2018 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਜਿਸ ਸਬੰਧੀ ਦਾਅਵੇ ਅਤੇ ਇਤਰਾਜ 16 ਜੁਲਾਈ, 2018 ਤੱਕ ਸੰਬੰਧਤ ਉੱਪ ਮੰਡਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦਫ਼ਤਰ ਵਿਖੇ ਦਿੱਤੇ ਜਾ ਸਕਣਗੇ। 23 ਜੁਲਾਈ, 2018 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਪਰੰਤ 25 ਜੁਲਾਈ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ-1, ਵੋਟ ਕਟਾਉਣ ਲਈ ਫਾਰਮ ਨੰਬਰ-2 ਅਤੇ ਵੋਟ ਵਿੱਚ ਦਰੁਸਤੀ ਕਰਾਉਣ ਲਈ ਫਾਰਮ ਨੰਬਰ-3 ਵਰਤਿਆ ਜਾ ਸਕੇਗਾ। ਇਹ ਫਾਰਮ ਐੱਸ. ਡੀ. ਐੱਮਜ਼ ਦਫ਼ਤਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਵਿੱਚ ਉਪਲਬਧ ਹਨ। ਉਨਾਂ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ, ਜਾਂ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਐੱਸ. ਡੀ. ਐੱਮ. ਦਫ਼ਤਰ ਨਾਲ ਰਾਬਤਾ ਕਰ ਸਕਦਾ ਹੈ।


LEAVE A REPLY