ਪੰਜਾਬ ਕਲਾ ਉਤਸਵ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਇਆ ਨਾਟਕ ਦਾ ਆਯੋਜਨ


ਲੁਧਿਆਣਾ – ਪੰਜਾਬ ਕਲਾ ਪ੍ਰੀਸ਼ਦ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 5 ਦਿਨਾਂ ‘ਪੰਜਾਬ ਕਲਾ ਉਤਸਵ’ ਦੇ ਦੂਜੇ ਦਿਨ ਨਾਟਕ ਪੇਸ਼ਕਾਰੀਆਂ ਕੀਤੀਆਂ ਗਈਆਂ | ਪ੍ਰੀਸ਼ਦ ਦੇ ਹੀ ਵਿੰਗ ਪੰਜਾਬ ਸੰਗੀਤ ਨਾਟਕ ਅਕਾਦਮੀ ਨੇ ਪਾਲ ਆਡੀਟੋਰੀਅਮ ਨਿਰਦੇਸ਼ਕ ਪਵੇਲ ਸੰਧੂ ਅੰਮਿ੍ਤਸਰ ਵੱਲੋਂ ਨਾਟਕ ‘ਅੱਧੇ ਅਧੂਰੇ’ ਪੇਸ਼ ਕੀਤਾ ਗਿਆ, ਜਿਸ ਨੂੰ ਵੱਡੀ ਗਿਣਤੀ ‘ਚ ਪਹੁੰਚੇ ਦਰਸ਼ਕਾਂ ਨੇ ਸਲਾਹਿਆ | ਨਾਮਵਰ ਨਾਟਕ ਲੇਖਕ ਮੋਹਨ ਰਕੇਸ਼ ਵਲੋਂ 1968-69 ‘ਚ ਲਿਖਿਆ ਇਹ ਨਾਟਕ ਇਕ ਨਿਮਨ ਮੱਧਵਰਗੀ 5 ਮੈਂਬਰੀ ਪਰਿਵਾਰ ਦੀ ਕਹਾਣੀ ਹੈ | ਪਰਿਵਾਰ ਦੇ ਮੁਖੀ ਤੇ ਉਸ ਦੀ ਪਤਨੀ ਦੇ ਰਿਸ਼ਤਿਆਂ ਵਿਚਲੇ ਪਿਆਰ, ਨੋਕ ਝੋਕ, ਤਣਾਅ ਤੇ ਪਰਿਵਾਰ ਦੀ ਖਾਹਿਸ਼ਾਂ ਨੂੰ ਬਹੁਤ ਹੀ ਖੂਬਸੂਰਤੀ ਤੇ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ | ਨਾਟਕ ਦੀ ਨਾਇਕਾ ਸਾਵਿਤਰੀ ਨੂੰ ਵਿਆਹ ਤੋਂ ਬਾਅਦ ਜਾਪਦਾ ਹੈ ਕਿ ਉਸ ਨੇ ਗਲਤ ਜੀਵਨ ਸਾਥੀ ਚੁਣ ਲਿਆ ਹੈ ਜੋ ਕਿ ਉਸ ਦੀਆਂ ਖਾਹਿਸ਼ਾਂ ਪੂਰੀਆਂ ਨਹੀਂ ਕਰ ਸਕਦਾ | ਕੁਝ ਕਲਾਕਾਰਾਂ ਨੇ ਕਿਚਲੂ ਨਗਰ ਮਾਰਕੀਟ ਵਿਖੇ ਨੁੱਕੜ ਨਾਟਕ ਵੀ ਪੇਸ਼ ਕੀਤਾ |

ਅਗਲੇ ਦਿਨਾਂ ‘ਚ ਨਾਟਕ ‘ਮੈਟਰੀਮੋਨੀਅਲ’, ‘ਸੌਦਾਗਰ’ ਤੇ ‘ਖੁਦਕੁਸ਼ੀਆਂ’ ਦੀ ਪੇਸ਼ਕਾਰੀ ਕੀਤੀ ਜਾਵੇਗੀ | ਪੀ. ਏ. ਯੂ. ਦੇ ਉਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਪਦਮ ਸ੍ਰੀ ਡਾ: ਸੁਰਜੀਤ ਪਾਤਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਤੇ ਸੰਯੁਕਤ ਨਿਰਦੇਸ਼ਕ ਸੰਪਰਕ ਵਿਭਾਗ ਜਗਦੀਸ਼ ਕੌਰ, ਕੁਲਦੀਪ ਸਿੰਘ ਦੀਪ, ਸਤਨਾਮ ਸਿੰਘ ਚੀਮਾ ਸਮੇਤ ਹੋਰ ਕਲਾ ਪ੍ਰੇਮੀ ਹਾਜ਼ਰ ਸਨ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਧਿਕਾਰੀ ਡਾ: ਸਤੀਸ਼ ਵਰਮਾ ਨੇ ਸਰਕਾਰਾਂ ਦੀ ਕਲਾ ਤੇ ਖਾਸਕਰ ਨਾਟਕਾਂ ਪ੍ਰਤੀ ਬੇਰੁਖੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਰੀਆਂ ਲੋਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ |

 


LEAVE A REPLY